ਹੈਦਰਾਬਾਦ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਪਾਰਟੀ ਨੇਤਾਵਾਂ ਨੂੰ ਅਨੁਸ਼ਾਸਨ ਅਤੇ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖ ਕੇ ਕਾਂਗਰਸ ਦੀ ਕਾਮਯਾਬੀ ਨੂੰ ਪਹਿਲ ਦੇਣ ਅਤੇ ਅਜਿਹਾ ਕੋਈ ਕੰਮ ਨਾ ਕਰਨ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਪਾਰਟੀ ਦੀ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਬੈਠਕ 'ਚ ਖੜਗੇ ਨੇ ਕਾਂਗਰਸ ਨੇਤਾਵਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ 'ਚ ਬਦਲਾਅ ਦੇ ਸੰਕੇਤ ਹਨ ਅਤੇ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ।
ਇਕ ਰਾਸ਼ਟਰ, ਇਕ ਚੋਣ:ਖੜਗੇ ਨੇ 'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੀਐੱਮ ਮੋਦੀ ਨੇ ਆਪਣੇ ਏਜੰਡੇ ਨੂੰ ਪੂਰਾ ਕਰਨ ਲਈ ਇਸ ਵਿਸ਼ੇ 'ਤੇ ਇਕ ਕਮੇਟੀ ਬਣਾਈ, ਜਿਸ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਗਈ ਹੈ। ਉਨ੍ਹਾਂ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਿਹਾ, ‘ਇਹ ਅਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ, ਦਿਨ- ਰਾਤ ਮਿਹਨਤ ਕਰਨੀ ਪਵੇਗੀ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਹਨ, ਪਰ ਸਾਨੂੰ ਹਮੇਸ਼ਾ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ।
ਪਾਰਟੀ ਨੇਤਾਵਾਂ ਨੂੰ ਅਨੁਸ਼ਾਸਨ ਦੀ ਸਲਾਹ: ਕਾਂਗਰਸ ਪ੍ਰਧਾਨ ਨੇ ਪਾਰਟੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਗੱਲ ਧਿਆਨ ਵਿੱਚ ਰੱਖਣ ਕਿ ਸਾਨੂੰ ਹਉਮੈ ਜਾਂ ਤਾਰੀਫ਼ ਲਈ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਅਨੁਸ਼ਾਸਨ ਤੋਂ ਬਿਨਾਂ ਕੋਈ ਵੀ ਆਗੂ ਨਹੀਂ ਬਣ ਸਕਦਾ। ਅਸੀਂ ਖੁਦ ਅਨੁਸ਼ਾਸਿਤ ਰਹਾਂਗੇ, ਤਾਂ ਹੀ ਲੋਕ ਸਾਡੀ ਪਾਲਣਾ ਕਰਨਗੇ ਅਤੇ ਸਾਡੀ ਗੱਲ ਸੁਣਨਗੇ। ਉਨ੍ਹਾਂ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ 1953 ਵਿੱਚ ਹੈਦਰਾਬਾਦ ਵਿੱਚ ਦਿੱਤੇ ਗਏ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਅਨੁਸ਼ਾਸਨ ਦੀ ਭਾਵਨਾ ਉੱਤੇ ਜ਼ੋਰ ਦਿੱਤਾ ਸੀ।
ਇਕਜੁੱਟ ਹੋਣ ਦਾ ਸੱਦਾ: ਖੜਗੇ ਨੇ ਕਿਹਾ, 'ਅਸੀਂ ਕਰਨਾਟਕ 'ਚ ਇਕਜੁੱਟ ਰਹੇ, ਜਿਸ ਦਾ ਨਤੀਜਾ ਸਾਰਿਆਂ ਨੇ ਦੇਖਿਆ।' ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਕੇਂਦਰ ਦੀ ‘ਤਾਨਾਸ਼ਾਹੀ ਸਰਕਾਰ’ ਨੂੰ ਹਟਾਉਣ ਲਈ ਉਨ੍ਹਾਂ ਨੂੰ ਆਪਣੀ ਪੂਰੀ ਤਾਕਤ ਲਾਉਣੀ ਪਵੇਗੀ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਬੁਨਿਆਦੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਨਵੇਂ ਮੁੱਦੇ ਲਿਆ ਕੇ ਭਟਕਾਉਣ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ, 'ਸਾਨੂੰ ਉਨ੍ਹਾਂ ਸੂਬਿਆਂ ਦੇ ਚੰਗੇ ਕੰਮਾਂ ਦਾ ਪ੍ਰਚਾਰ ਕਰਨਾ ਹੋਵੇਗਾ, ਜਿੱਥੇ ਸਾਡੀਆਂ ਸਰਕਾਰਾਂ ਹਨ। ਸਾਨੂੰ ਇਹ ਵੀ ਦੱਸਣਾ ਪਵੇਗਾ ਕਿ ਕੇਂਦਰ ਸਰਕਾਰ ਸਾਡੀਆਂ ਸਰਕਾਰਾਂ ਦੀ ਤਰੱਕੀ ਵਿੱਚ ਕਿਵੇਂ ਰੁਕਾਵਟਾਂ ਖੜ੍ਹੀ ਕਰਦੀ ਹੈ। ਜਿੱਥੇ ਅਸੀਂ ਵਿਰੋਧੀ ਧਿਰ ਵਿੱਚ ਹਾਂ, ਉੱਥੇ ਅਸੀਂ ਸੱਤਾਧਾਰੀ ਧਿਰ ਦੀਆਂ ਕਮੀਆਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਾ ਹੈ।