ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਭਯੰਦਰ ਬਸਤੀ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ 40 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਦੀ ਪਤਨੀ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਵੱਲੋਂ ਤਿਆਰ ਕੀਤੇ ਨਾਸ਼ਤੇ ਵਿੱਚ ਨਮਕ ਜ਼ਿਆਦਾ ਸੀ। ਮਹਾਰਾਸ਼ਟਰ ਪੁਲਿਸ ਨੇ ਸ਼ਨੀਵਾਰ ਨੂੰ ਇਸ ਕਤਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਭਾਈੰਦਰ ਪੂਰਬੀ ਦੇ ਫਾਟਕ ਰੋਡ ਇਲਾਕੇ 'ਚ ਵਾਪਰੀ ਹੈ। ਫਿਲਹਾਲ ਪੁਲਿਸ ਨੇ ਮੁਲਜਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ 46 ਸਾਲਾ ਨੀਲੇਸ਼ ਘੱਗ ਨੇ ਸਵੇਰੇ ਕਰੀਬ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤਨੀ ਵੱਲੋਂ ਤਿਆਰ ਕੀਤੀ ‘ਖਿਚੜੀ’ ਵਿੱਚ ਜ਼ਿਆਦਾ ਲੂਣ ਮਿਲਣ ਕਾਰਨ ਉਹ ਨਾਰਾਜ਼ ਸੀ। ਗੁੱਸੇ 'ਚ ਨੀਲੇਸ਼ ਨੇ ਚੁੰਨੀ ਨਾਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਮਹਾਰਾਸ਼ਟਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੇੜੇ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।