ਚੇਨਈ: ਇਕ 41 ਸਾਲਾ ਵਿਅਕਤੀ ਨੇ ਪੋਰਟੇਬਲ ਇਲੈਕਟ੍ਰਿਕ ਲੱਕੜ ਕੱਟਣ ਵਾਲੀ ਮਸ਼ੀਨ ਨਾਲ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਥੇ ਪੱਲਵਰਮ ਸਥਿਤ ਪੋਜ਼ੀਚਲੂਰ ਵਿੱਚ ਘਰ ਦੇ ਅੰਦਰ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਇਸ ਦਰਦਨਾਕ ਮੌਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗੁਆਂਢੀਆਂ ਨੇ ਸ਼ੱਕ ਦੇ ਆਧਾਰ 'ਤੇ ਘਰ 'ਚ ਜਾ ਕੇ ਦੇਖਿਆ ਤਾਂ ਪਰਿਵਾਰ ਦੇ ਚਾਰ ਜੀਆਂ ਦਾ ਗਲਾ ਵੱਢਿਆ ਹੋਇਆ ਖੂਨ ਨਾਲ ਲੱਥਪੱਥ ਪਿਆ ਸੀ। ਸੂਚਨਾ ਮਿਲਦੇ ਹੀ ਸ਼ੰਕਰ ਨਗਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮੁੱਢਲੀ ਪੁੱਛਗਿੱਛ ਕੀਤੀ। ਇਸ ਭਿਆਨਕ ਘਟਨਾ ਨੇ ਆਸ-ਪਾਸ ਦੇ ਇਲਾਕੇ 'ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।