ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਬੁਰਾੜੀ ਮੈਦਾਨ 'ਚ ਅੱਜ ਦੇਸ਼ ਦਾ ਸਭ ਤੋਂ ਵੱਡਾ ਮਨੁੱਖੀ ਤਿਰੰਗਾ ਬਣਾਉਣ ਦਾ ਪ੍ਰੋਗਰਾਮ ਸੀ, ਜਿਸ ਨੂੰ ਟਾਲ ਦਿੱਤਾ ਗਿਆ ਹੈ। ਦੁਪਹਿਰ 12 ਵਜੇ ਦੇ ਕਰੀਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਸਨ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਮਨੁੱਖੀ ਤਿਰੰਗਾ ਲਹਿਰਾਇਆ ਜਾਣਾ ਸੀ। ਜੋ ਦੇਸ਼ ਦਾ ਸਭ ਤੋਂ ਵੱਡਾ ਮਨੁੱਖੀ ਤਿਰੰਗਾ ਹੋਣਾ ਸੀ। ਬੁਰਾੜੀ ਗਰਾਊਂਡ ਵਿੱਚ 52000 ਸਕੂਲੀ ਬੱਚੇ ਮਨੁੱਖੀ ਤਿਰੰਗਾ ਬਣਾਉਣ ਵਾਲੇ ਸਨ ਪਰ ਮੀਂਹ ਦਾ ਪਾਣੀ ਪੂਰਾ ਗਰਾਊਂਡ ਭਰ ਜਾਣ ਕਾਰਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿੱਤੀ।
ਉਨ੍ਹਾਂ ਦੱਸਿਆ ਕਿ ਬੁਰਾੜੀ ਮੈਦਾਨ ਵਿੱਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਇਹ ਪ੍ਰੋਗਰਾਮ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਕੱਲ੍ਹ ਇਸ ਦੀ ਰਿਹਰਸਲ ਹੋਣੀ ਸੀ, ਇਸ ਦੌਰਾਨ ਤੇਜ਼ ਮੀਂਹ ਪਿਆ ਤੇ ਕੱਲ੍ਹ ਦੀ ਰਿਹਰਸਲ ਵੀ ਮੀਂਹ ਕਾਰਨ ਰੱਦ ਕਰਨੀ ਪਈ। ਬੁਰਾੜੀ ਮੈਦਾਨ ਪਹੁੰਚ ਚੁੱਕੇ ਸਕੂਲੀ ਬੱਚਿਆਂ ਨੂੰ ਵਾਪਸ ਬੱਸਾਂ ਵਿੱਚ ਬਿਠਾ ਕੇ ਸਕੂਲ ਭੇਜਿਆ ਗਿਆ।