ਨਵੀਂ ਦਿੱਲੀ:ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਹਰਿਆਣਾ ਦੇ ਟਿਕਰੀ ਬਾਰਡਰ, ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਸੰਘਰਸ਼ ਦੌਰਾਨ ਈ ਟੀਵੀ ਭਾਰਤ ਨੇ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਇਸ ਅੰਦੋਲਨ ਦਾ ਹਿੱਸਾ ਬਣੀਆਂ ਹੋਈਆਂ ਹਨ। 26 ਅਤੇ 27 ਨਵੰਬਰ ਦੀ ਰਾਤ ਨੂੰ ਜਦੋਂ ਇਹ ਪਰਿਵਾਰ ਧਰਨਾ ਪ੍ਰਦਰਸ਼ਨ ਲਈ ਦਿੱਲੀ ਪਹੁੰਚਿਆ ਤਾਂ ਪੁਲਿਸ ਨੇ ਇਸ ਪਰਿਵਾਰ ਦੇ ਸਮੂਹ ਮੈਬਰਾਂ ਨੂੰ ਹਿਰਾਸਤ ’ਚ ਲੈ ਲਿਆ।
ਦੱਸਣਯੋਗ ਹੈ ਕਿ ਪਰਿਵਾਰ ’ਚ ਸਭ ਤੋਂ ਛੋਟਾ 12 ਸਾਲ ਦੀ ਬੱਚਾ ਵੀ ਸ਼ਾਮਲ ਸੀ। ਗੁਰਸਿਮਰਨ ਆਪਣੇ ਪਿਤਾ ਰਵਿੰਦਰ ਸਿੰਘ ਅਤੇ ਦਾਦਾ ਪਿਆਰਾ ਸਿੰਘ ਸਮੇਤ ਦਿੱਲੀ ਦੇ ਕਰੋਲ ਬਾਗ ਥਾਣੇ ’ਚ ਤਕਰੀਬਨ 16 ਘੰਟੇ ਹਿਰਾਸਤ ’ਚ ਰਿਹਾ। ਇਸ ਛੋਟੀ ਜਿਹੀ ਉਮਰ ’ਚ ਪੁਲਿਸ ਸਟੇਸ਼ਨ ਦਾ ਅਨੁਭਵ ਕਿਹੋ ਜਿਹਾ ਸੀ, ਇਹ ਵੀ ਉਸਨੇ ਈ ਟੀਵੀ ਭਾਰਤ ਸਾਹਮਣੇ ਦੱਸਿਆ।
ਈਟੀਵੀ ਭਾਰਤ ਦੁਆਰਾ ਗੁਰਸਿਮਰਨ ਦੇ ਪਿਤਾ ਰਵਿੰਦਰ ਸਿੰਘ ਅਤੇ ਦਾਦਾ ਪਿਆਰਾ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ, ਉਨ੍ਹਾਂ ਨਾਲ ਕਿਸਾਨ ਸੰਘਰਸ਼ ਅਤੇ ਪੁਲਿਸ ਹਿਰਾਸਤ ਦੇ ਉਨ੍ਹਾਂ ਦੇ ਅਨੁਭਵ ਬਾਰੇ ਜਾਣਿਆ।
ਇਸੇ ਪਰਿਵਾਰ ਦੇ ਇੱਕ ਹੋਰ ਮੈਂਬਰ ਡਾ. ਮਹਿੰਦਰ ਸਿੰਘ ਬਨਵੇਤ ਵੀ ਇਸ ਸੰਘਰਸ਼ ’ਚ ਸ਼ਾਮਲ ਹਨ। 75 ਸਾਲਾਂ ਦੇ ਡਾ. ਮਹਿੰਦਰ ਸਿੰਘ ਨੇ ਲਗਭਗ 40 ਸਾਲ ਸਿੱਖਿਆ ਦੇ ਖੇਤਰ ’ਚ ਆਪਣੀਆਂ ਸੇਵਾਵਾਂ ਦਿੱਤੀਆ ਹਨ ਅਤੇ ਹੁਣ ਉਹ ਇੱਕ ਕਿਸਾਨ ਹਨ। ਉਨ੍ਹਾਂ ਈ ਟੀਵੀ ਭਾਰਤ ਨੂੰ ਦੱਸਿਆ ਕਿ ਉਨ੍ਹਾਂ ਖ਼ੁਦ ਪੈਦਲ ਚੱਲ ਸਿੰਘੂ ਬਾਰਡਰ ’ਤੇ ਚੱਲ ਰਹੇ ਪ੍ਰਦਰਸ਼ਨ ਦਾ ਮੁਆਇਨਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਸ਼ਾਂਤਮਈ ਢੰਗ ਨਾਲ ਅੰਦੋਲਨ ’ਚ ਸ਼ਾਮਲ ਹਨ। ਸੋਸ਼ਲਮੀਡੀਆਂ ’ਤੇ ਉਨ੍ਹਾਂ ਦੇ ਵਿਦਿਆਰਥੀ ਵੀ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਅਧਿਆਪਕ ਵੀ ਕਿਸਾਨਾਂ ਦੇ ਸਮਰਥਨ ’ਚ ਪਹੁੰਚੇ ਹਨ।