ਨਵੀਂ ਦਿੱਲੀ : ਬਾਹਰੀ ਦਿੱਲੀ ਦੇ ਨਾਂਗਲੋਈ ਇਲਾਕੇ 'ਚ ਸਥਿਤ ਇਕ ਘਰ 'ਚ ਐੱਲਪੀਜੀ ਸਿਲੰਡਰ 'ਚ ਧਮਾਕਾ ਹੋਣ ਕਾਰਨ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ 'ਚ 8 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਨਾਂਗਲੋਈ ਰੋਡ ਦੇ ਕੁੰਵਰ ਸਿੰਘ ਨਗਰ ਦੀ ਗਲੀ ਨੰਬਰ 10 ਦੇ ਡੀ ਬਲਾਕ ਦੀ ਦੱਸੀ ਜਾ ਰਹੀ ਹੈ।
ਫਾਇਰ ਡਾਇਰੈਕਟਰ ਅਤੁਲ ਗਰਗ ਮੁਤਾਬਕ ਕੰਟਰੋਲ ਰੂਮ ਨੂੰ ਸਵੇਰੇ ਘਟਨਾ ਦੀ ਸੂਚਨਾ ਮਿਲੀ ਸੀ ਕਿ ਇਕ ਸਿਲੰਡਰ ਫਟਣ ਕਾਰਨ ਇਮਾਰਤ ਢਹਿ ਗਈ ਹੈ। ਮੌਕੇ 'ਤੇ ਸਹਾਇਕ ਡਵੀਜ਼ਨਲ ਅਫ਼ਸਰ ਅਮਨ, ਸਟੇਸ਼ਨ ਅਫ਼ਸਰ ਅਮਿਤ ਕੁਮਾਰ, ਲੀਡ ਫਾਇਰਮੈਨ ਸੁਨੀਲ ਨਾਗਰ ਸਮੇਤ ਫਾਇਰਮੈਨ ਦੀ ਟੀਮ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ। ਇਹ ਇਮਾਰਤ ਗਰਾਊਂਡ ਪਲੱਸ ਟੂ ਵਿੱਚ ਬਣੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਉਤੇ ਪਹੁੰਚੀ ਪੁਲਿਸ :ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਮੰਜ਼ਿਲ ਉਤੇ ਸਿਲੰਡਰ ਦੇ ਲੀਕ ਹੋਣ ਦੌਰਾਨ ਕਿਸੇ ਨੇ ਬਿਜਲੀ ਦੀ ਸਵਿੱਚ ਆਨ ਕਰ ਦਿੱਤੀ, ਜਿਸ ਨਾਲ ਧਮਾਕਾ ਹੋ ਗਿਆ ਅਤੇ ਇਮਾਰਤ ਢਹਿ ਗਈ। ਉੱਪਰਲੇ ਹਿੱਸੇ ਵਿੱਚ ਇਮਾਰਤ ਦਾ ਕੁਝ ਹਿੱਸਾ ਬਚ ਗਿਆ। ਸਥਾਨਕ ਪੁਲਿਸ ਅਤੇ ਹੋਰ ਏਜੰਸੀਆਂ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।