ਨਵੀਂ ਦਿੱਲੀ: ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ 'ਤੇ ਵਿਸ਼ਵਾਸ ਨਿਰਮਾਣ ਨੂੰ ਹੋਰ ਮਜ਼ਬੂਤ ਕਰਨ ਦੇ ਲਈ, ਉੱਤਰੀ ਸਿੱਕਮ ਸੈਕਟਰ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਇੱਕ ਹੌਟਲਾਈਨ ਸਥਾਪਤ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਮੁੱਦੇ ਨੂੰ ਸੁਲਝਾਉਣ ਲਈ, ਦੋਵਾਂ ਫੌਜਾਂ ਦੇ ਸਥਾਨਕ ਕਮਾਂਡਰ ਇੱਕ ਦੂਜੇ ਨਾਲ ਸਿੱਧੀ ਗੱਲ ਕਰ ਸਕਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹੌਟਲਾਈਨ ਉੱਤਰੀ ਸਿੱਕਮ ਦੇ ਕਾਂਗਰਾ ਲਾ ਵਿਖੇ ਭਾਰਤੀ ਫੌਜ ਅਤੇ ਤਿੱਬਤ ਖੁਦਮੁਖਤਿਆਰ ਖੇਤਰ ਦੇ ਖੰਪਾ ਜ਼ੋਂਗ ਵਿਖੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਵਿਚਕਾਰ ਸਥਾਪਤ ਕੀਤੀ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਦੋਹਾਂ ਫੌਜਾਂ ਵਿਚਾਲੇ 9 ਘੰਟਿਆਂ ਤੱਕ ਮੀਟਿੰਗ ਹੋਈ ਸੀ।
ਫ਼ੌਜ ਨੇ ਕਿਹਾ ਕਿ ਇਸ ਹੌਟਲਾਈਨ ਦਾ ਮਕਸਦ 'ਸਰਹੱਦ ਦੇ ਨਾਲ ਵਿਸ਼ਵਾਸ ਨਿਰਮਾਣ ਅਤੇ ਸੁਹਿਰਦ ਸਬੰਧਾਂ ਦੀ ਭਾਵਨਾ' ਨੂੰ ਅੱਗੇ ਲੈ ਜਾਣਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਫੌਜਾਂ ਵਿਚਾਲੇ ਹਾਟਲਾਈਨ ਸੇਵਾ 1 ਅਗਸਤ ਤੋਂ ਸ਼ੁਰੂ ਹੋਈ ਹੈ ਅਤੇ ਇਤਫ਼ਾਕ ਨਾਲ ਇਸ ਦਿਨ ਨੂੰ ਪੀਐਲਏ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਫ਼ੌਜ ਨੇ ਕਿਹਾ ਕਿ ਇਸ ਹੌਟਲਾਈਨ ਦੇ ਲਾਂਚ ਦੇ ਮੌਕੇ ਤੇ, ਦੋਵਾਂ ਪਾਸਿਆਂ ਦੇ ਜ਼ਮੀਨੀ ਕਮਾਂਡਰ ਮੌਜੂਦ ਸਨ ਅਤੇ ਆਪਸੀ ਭਾਈਚਾਰੇ ਅਤੇ ਦੋਸਤੀ ਦੇ ਸੰਦੇਸ਼ਾਂ ਦਾ ਆਦਾਨ -ਪ੍ਰਦਾਨ ਕੀਤਾ ਗਿਆ ਸੀ।