ਨਵੀਂ ਦਿੱਲੀ: ਪੰਜਾਬ ਦੇ ਕਿਸਾਨਾਂ ਦੇ 'ਦਿੱਲੀ ਚੱਲੋ' ਅੰਦੋਲਨ ਨੂੰ ਹੱਲ ਕਰਨ ਲਈ ਮੋਦੀ ਸਰਕਾਰ ਵੱਲੋਂ ਖ਼ੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਾਗਡੌਰ ਸੰਭਾਲ ਲਈ ਹੈ। ਮਹੀਨੇ ਅੰਦਰ ਇਹ ਦੂਸਰਾ ਮੌਕਾ ਹੈ, ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਖਲਅੰਦਾਜ਼ੀ ਕਰਦੇ ਹੋਏ ਕਿਸਾਨਾਂ ਦੇ ਅੰਦੋਲਨ ਨਾਲ ਜਾਰੀ ਵਿਰੋਧ ਨੂੰ ਦੂਰ ਕਰਨ ਲਈ ਕੋਸ਼ਿਸ਼ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਸ਼ਨੀਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਛੇਤੀ ਤੋਂ ਛੇਤੀ ਗੱਲਬਾਤ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਬੁਰਾੜੀ ਵਿੱਚ ਨਿਸ਼ਚਿਤ ਮੈਦਾਨ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਫ਼ਿਲਹਾਲ ਕਿਸਾਨਾਂ ਨੇ ਇਹ ਸੱਦਾ ਠੁਕਰਾ ਦਿੱਤਾ। ਨਗਰ ਨਿਗਮ ਚੋਣਾਂ ਦੀ ਕੈਂਪੇਨਿੰਗ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਹੈਦਰਾਬਾਦ ਪੁੱਜੇ ਹਨ। ਉਨ੍ਹਾਂ ਦੇ ਹੈਦਰਾਬਾਦ ਤੋਂ ਨਵੀਂ ਦਿੱਲੀ ਵਾਪਸ ਆਉਂਦੇ ਹੀ ਕਿਸਾਨਾਂ ਦੇ ਅੰਦੋਲਨ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਤੇਜ਼ ਗਤੀ ਨਾਲ ਫ਼ੈਸਲੇ ਹੋ ਸਕਦੇ ਹਨ।
ਭਰੋਸੇਮੰਦ ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਭਾਜਪਾ ਆਗੂਆਂ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਹੱਲ ਕਰਨ ਦੇ ਵਿਸ਼ੇ 'ਤੇ ਚਰਚਾ ਕਰਨ ਦੇ ਨਾਲ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣ ਲਈ ਲੱਗੇ ਹੋਏ ਹਨ।
ਭਾਜਪਾ ਆਗੂਆਂ ਅਨੁਸਾਰ, ਮੋਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਭ ਤੋਂ ਮਜ਼ਬੂਤ ਚਿਹਰੇ ਹਨ, ਅਜਿਹੇ ਵਿੱਚ ਉਨ੍ਹਾਂ ਦੀ ਅਪੀਲ, ਦੂਜਿਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਪਾ ਸਕਦੀ ਹੈ। ਕਿਸਾਨਾਂ ਦਾ ਇਹ ਅੰਦੋਲਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਨਾਲ ਆਸਾਨੀ ਨਾਲ ਸੁਲਝ ਸਕਦਾ ਹੈ।
ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਆਈਏਐਨਐਸ ਨੂੰ ਕਿਹਾ, ''ਪੰਜਾਬ ਦੇ ਕਾਂਗਰਸੀ ਸੰਸਦ ਵੀ ਜ਼ਰੂਰਤ ਪੈਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਹੀ ਮਦਦ ਮੰਗਦੇ ਹਨ। ਇਸ ਤੋਂ ਪਹਿਲਾਂ ਰੇਲ ਸੇਵਾਵਾਂ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੀ ਮੁਲਾਕਾਤ ਕਰਕੇ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ।''
ਸਤੰਬਰ ਵਿੱਚ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਬਣਨ ਤੋਂ ਬਾਅਦ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਹੋਇਆ ਸੀ। ਦੋ ਮਹੀਨਿਆਂ ਤੋਂ ਰੇਲ ਲਾਈਨਾਂ ਬੰਦ ਹੋਣ ਨਾਲ ਰੇਲਾਂ ਦਾ ਸੰਚਾਲਨ ਠੱਪ ਸੀ, ਜਿਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਗੁਰਜੀਤ ਸਿੰਘ ਔਜਲਾ ਆਦਿ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸੀ ਸੰਸਦਾਂ ਦੇ ਵਫ਼ਦ ਨਾਲ ਹੋਈ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਰੇਲ ਸੇਵਾਵਾਂ ਦੀ ਬਹਾਲੀ ਲਈ ਭਰੋਸਾ ਦਿੱਤਾ ਸੀ। ਮੀਟਿੰਗ ਵਿੰਚ ਰੇਲ ਮੰਤਰੀ ਪਿਊਸ਼ ਗੋਇਲ ਵੀ ਸਨ। ਗ੍ਰਹਿ ਮੰਤਰੀ ਦੀ ਪਹਿਲ 'ਤੇ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਪੰਜਾਬ ਵਿੱਚ ਦੋ ਮਹੀਨੇ ਬਾਅਦ ਰੇਲ ਸੇਵਾਵਾਂ ਸੁਚਾਰੂ ਰੂਪ ਨਾਲ ਸ਼ੁਰੂ ਹੋ ਸਕੀਆਂ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਖਲਅੰਦਾਜ਼ੀ ਨਾਲ ਕਿਸੇ ਵੱਡੇ ਭਰੋਸਾ ਨਾਲ ਛੇਤੀ ਹੀ ਕਿਸਾਨਾਂ ਦੇ ਅੰਦੋਲਨ ਦਾ ਹੱਲ ਹੋ ਸਕਦਾ ਹੈ।