ਈਟਾਨਗਰ: ਗ੍ਰਹਿ ਮੰਤਰੀ ਅਮਿਤ ਸ਼ਾਹ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਇਲਾਕੇ 'ਚ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਿਬਿਥੂ ਚੀਨ ਦੇ ਨਾਲ ਲੱਗਦਾ ਇੱਕ ਇਲਾਕਾ ਹੈ। ਚੀਨ ਨੇ ਸ਼ਾਹ ਦੀ ਇਸ ਫੇਰੀ ਦਾ ਵਿਰੋਧ ਕੀਤਾ ਹੈ। ਚੀਨ ਨੇ ਕਿਹਾ ਕਿ ਸ਼ਾਹ ਦੀ ਇਸ ਫੇਰੀ ਨਾਲ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੋਈ ਹੈ। ਸ਼ਾਹ ਉਸ ਖੇਤਰ 'ਚ ਗਏ, ਜਿਸ 'ਤੇ ਚੀਨ ਦਾਅਵਾ ਕਰ ਰਿਹਾ ਹੈ, ਇਸ ਲਈ ਉਹ ਗੁੱਸੇ 'ਚ ਹੈ।
ਸ਼ਾਹ ਨੇ ਕਿਹਾ ਕਿ ਉਹ ਅੱਜ ਰਾਤ ਅਰੁਣਾਚਲ ਪ੍ਰਦੇਸ਼ ਦੇ ਪਿੰਡ 'ਚ ਰੁਕਣਗੇ। ਸ਼ਾਹ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਦੇ ਸਾਰੇ ਮੰਤਰੀ ਇੱਕ ਜਾਂ ਦੂਜੇ ਸਰਹੱਦੀ ਪਿੰਡਾਂ ਵਿੱਚ ਜਾਣਗੇ ਅਤੇ ਉੱਥੇ ਇੱਕ ਦਿਨ ਬਿਤਾਉਣਗੇ। ਗ੍ਰਹਿ ਮੰਤਰੀ ਨੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਈ ਇੱਕ ਸੂਈ ਦੇ ਨੱਕੇ ਦੇ ਬਰਾਬਰ ਜ਼ਮੀਨ ਵੀ ਨਹੀਂ ਲੈ ਸਕਦਾ ਕਿਉਂਕਿ ਸਾਡੇ ਜਵਾਨ ਸਰਹੱਦ 'ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਅੱਜ ਕੋਈ ਵੀ ਸਾਡੇ ’ਤੇ ਮਾੜੀ ਅੱਖ ਨਹੀਂ ਰੱਖ ਸਕਦਾ।
ਕੀ ਹੈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ: ਇਸ ਪ੍ਰੋਗਰਾਮ ਰਾਹੀਂ ਸਰਹੱਦ ਨਾਲ ਲੱਗਦੇ ਸਾਰੇ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਲਈ 4800 ਕਰੋੜ ਰੁਪਏ ਬਜਟ ਤੈਅ ਕੀਤਾ ਗਿਆ ਹੈ। ਇਹ 2022-23 ਤੋਂ 2025-26 ਤੱਕ ਖਰਚ ਕੀਤਾ ਜਾਣਾ ਹੈ। ਇਹ ਸਕੀਮ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਹੈ। ਕੇਂਦਰ ਸਰਕਾਰ ਨੇ ਕੁੱਲ 19 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ। ਇਹ ਜ਼ਿਲ੍ਹੇ ਵੱਖ-ਵੱਖ ਰਾਜਾਂ ਵਿੱਚ ਹਨ। ਇਹ ਸਾਰੇ ਖੇਤਰ ਅਰੁਣਾਚਲ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਨਾਲ ਸਬੰਧਤ ਹਨ। ਕੁੱਲ 2967 ਪਿੰਡਾਂ ਦਾ ਵਿਕਾਸ ਕੀਤਾ ਜਾਣਾ ਹੈ, ਇਸ ਦੇ ਪਹਿਲੇ ਪੜਾਅ ਦਾ ਉਦਘਾਟਨ ਅੱਜ ਗ੍ਰਹਿ ਮੰਤਰੀ ਨੇ ਕੀਤਾ। ਇਸ ਪੜਾਅ ਵਿੱਚ 662 ਪਿੰਡਾਂ ਵਿੱਚ ਕੰਮ ਕੀਤਾ ਜਾਣਾ ਹੈ, ਇਨ੍ਹਾਂ ਵਿੱਚੋਂ 455 ਪਿੰਡ ਅਰੁਣਾਚਲ ਪ੍ਰਦੇਸ਼ ਦੇ ਹਨ। ਇਨ੍ਹਾਂ ਪਿੰਡਾਂ ਵਿੱਚ ਬਿਹਤਰ ਸੜਕਾਂ ਬਣਾਈਆਂ ਜਾਣਗੀਆਂ, ਬਿਜਲੀ ਮੁਹੱਈਆ ਕਰਵਾਈ ਜਾਵੇਗੀ, ਮੋਬਾਈਲ ਟਾਵਰ ਲਗਾਏ ਜਾਣਗੇ, ਇੰਟਰਨੈੱਟ ਯਕੀਨੀ ਬਣਾਇਆ ਜਾਵੇਗਾ, ਸਿਹਤ ਕੇਂਦਰ ਬਣਾਏ ਜਾਣਗੇ। ਇਸ ਤੋਂ ਇਲਾਵਾ ਕੁੱਝ ਹੋਰ ਕੰਮ ਵੀ ਹੋਣਗੇ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਹਿਜਰਤ ਨਾ ਕਰਨੀ ਪਵੇ।
ਪਿਛਲੇ ਹਫ਼ਤੇ ਚੀਨ ਨੇ ਇੱਕ ਸੂਚੀ ਜਾਰੀ ਕੀਤੀ ਸੀ। ਜਿਸ ਵਿੱਚ ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਚੀਨ ਦਾ ਦਾਅਵਾ ਹੈ ਕਿ ਇਹ ਉਸ ਦਾ ਇਲਾਕਾ ਹੈ, ਭਾਰਤ ਨੇ ਕਿਹਾ ਕਿ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਭਾਰਤ ਨੇ ਇਹ ਵੀ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਮੇਸ਼ਾ ਰਹੇਗਾ। 2015 ਵਿੱਚ ਵੀ ਚੀਨ ਨੇ ਆਪਣੇ ਤੌਰ 'ਤੇ 15 ਖੇਤਰਾਂ ਦਾ ਨਾਂ ਬਦਲਿਆ ਸੀ। 2017 ਵਿੱਚ, ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਗਏ ਸਨ। ਇਸ ਤੋਂ ਬਾਅਦ ਚੀਨ ਨੇ ਨਾਂ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਮੰਨਦਾ ਹੈ। ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਸਰਹੱਦ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵੱਡੀ ਗਿਣਤੀ 'ਚ ਮੌਜੂਦ ਹਨ। ਇਸ ਸੰਧਰਭ ਵਿੱਚ ਦੇਖਿਆ ਜਾਵੇ ਤਾਂ ਸ਼ਾਹ ਦੀ ਫੇਰੀ ਦੇ ਕਈ ਸੰਦੇਸ਼ ਹਨ।
ਇਹ ਵੀ ਪੜ੍ਹੋ:SC Agnipath scheme: ਅਗਨੀਪਥ ਯੋਜਨਾ 'ਤੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ