ਦਾਰਜੀਲਿੰਗ : ਕੁਝ ਦਿਨ ਪਹਿਲਾਂ ਚਲਾਏ ਗਏ ਆਪਰੇਸ਼ਨ ਹਿਮਰਾਹਟ ਤੋਂ ਬਾਅਦ ਹੁਣ ਭਾਰਤੀ ਫੌਜ ਮੁੜ ਬਚਾਅ ਕਾਰਜਾਂ 'ਚ ਜੁਟੀ ਹੈ। ਇਸ ਵਾਰ ਭਾਰੀ ਬਰਫਬਾਰੀ 'ਚ ਫਸੇ ਕਰੀਬ 1000 ਸੈਲਾਨੀਆਂ ਲਈ ਸੁਰੱਖਿਆ ਕਰਮਚਾਰੀ ਹੀ ਬਚਾਅ ਕਰਨ ਵਾਲੇ ਬਣੇ ਹਨ। ਸੈਲਾਨੀ ਜਵਾਨਾਂ ਦੀ ਭੂਮਿਕਾ ਦੀ ਤਾਰੀਫ ਕਰ ਰਹੇ ਹਨ। ਦੋ ਦਿਨ ਪਹਿਲਾਂ ਭਾਰਤੀ ਫੌਜ ਨੇ ਅਪਰੇਸ਼ਨ ਹਿਮਰਾਹਤ ਰਾਹੀਂ ਪੂਰਬੀ ਸਿੱਕਮ ਵਿੱਚ ਭਾਰੀ ਬਰਫ਼ਬਾਰੀ ਕਾਰਨ ਕਰੀਬ 100 ਵਾਹਨਾਂ ਵਿੱਚ ਫਸੇ 400 ਸੈਲਾਨੀਆਂ ਨੂੰ ਬਚਾਇਆ ਸੀ।
ਇਸ ਵਾਰ ਵੀ ਫੌਜ ਦਾ ਇਹ ਬਚਾਅ ਅਭਿਆਨ ਪੂਰਬੀ ਸਿੱਕਮ ਦੇ ਚਾਂਗੂ ਵਿੱਚ ਸੀ। ਪੂਰਬੀ ਸਿੱਕਮ ਦੇ ਚਾਂਗੂ, ਨਾਥੁਲਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਦੁਪਹਿਰ ਤੋਂ ਭਾਰੀ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਬਰਫਬਾਰੀ ਕਾਰਨ ਆਵਾਜਾਈ ਵੀ ਠੱਪ ਹੋ ਗਈ। ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਇਸ ਤੋਂ ਇਲਾਵਾ ਅੱਤ ਦੀ ਠੰਢ ਕਾਰਨ ਸੈਲਾਨੀ ਵੀ ਇੱਥੇ ਫਸੇ ਹੋਏ ਹਨ।
ਭਾਰੀ ਬਰਫ਼ਬਾਰੀ ਕਾਰਨ ਸੜਕਾਂ ਬਹੁਤ ਖ਼ਤਰਨਾਕ ਹੋ ਗਈਆਂ ਹਨ। ਜਿਸ ਕਾਰਨ 200 ਦੇ ਕਰੀਬ ਕਾਰਾਂ ਅਤੇ ਇਨ੍ਹਾਂ ਵਿੱਚ ਸਵਾਰ ਸੈਲਾਨੀ ਉੱਥੇ ਹੀ ਫਸ ਗਏ ਹਨ। ਗੰਗਟੋਕ ਨੂੰ ਜੋੜਨ ਵਾਲੀ ਇਕੋ-ਇਕ ਸੜਕ ਜਵਾਹਰ ਲਾਲ ਨਹਿਰੂ ਮਾਰਗ 'ਤੇ ਬਰਫ਼ਬਾਰੀ ਕਾਰਨ ਵਾਹਨ ਤਿਲਕ ਗਏ। ਜਿਸ ਕਾਰਨ ਸੈਲਾਨੀਆਂ ਲਈ ਸਥਿਤੀ ਮੁਸ਼ਕਲ ਹੋ ਗਈ ਸੀ। ਕਰੀਬ 15 ਕਿਲੋਮੀਟਰ ਤੱਕ ਜਾਮ ਦੀ ਸਥਿਤੀ ਬਣੀ ਰਹੀ। ਇਸ ਤੋਂ ਬਾਅਦ ਸਿੱਕਮ ਪ੍ਰਸ਼ਾਸਨ ਨੇ ਫੌਜ ਨੂੰ ਮਦਦ ਲਈ ਬੇਨਤੀ ਕੀਤੀ।