ਕਾਠਮੰਡੂ/ ਨੇਪਾਲ: ਨੇਪਾਲ ਵਿੱਚ ਮਾਊਂਟ ਐਵਰੈਸਟ ਨੇੜੇ ਲਾਪਤਾ ਹੋਇਆ ਮਨੰਗ ਏਅਰ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਖੋਜ ਟੀਮ ਨੇ ਲਾਪਤਾ ਹੈਲੀਕਾਪਟਰ ਦਾ ਮਲਬਾ ਲੱਭ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਲਿੱਖੂ ਪੀਕੇ ਗ੍ਰਾਮੀਣ ਪ੍ਰੀਸ਼ਦ ਅਤੇ ਦੁਧਕੁੰਡਾ ਨਗਰਪਾਲਿਕਾ-2 ਦੀ ਸਰਹੱਦ 'ਤੇ ਮਿਲਿਆ, ਜਿਸ ਨੂੰ ਆਮ ਤੌਰ 'ਤੇ ਲਾਮਾਜੁਰਾ ਡੰਡਾ ਕਿਹਾ ਜਾਂਦਾ ਹੈ। ਕੋਸ਼ੀ ਪ੍ਰਾਂਤ ਪੁਲਿਸ ਦੇ ਡੀਆਈਜੀ ਰਾਜੇਸ਼ਨਾਥ ਬਸਤੋਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਪੰਜ ਲਾਸ਼ਾਂ ਬਰਾਮਦ ਕੀਤੀਆਂ ਹਨ।
ਪੁਲਿਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਹੈਲੀਕਾਪਟਰ ਪਹਾੜੀ ਦੀ ਚੋਟੀ 'ਤੇ ਇਕ ਦਰੱਖਤ ਨਾਲ ਟਕਰਾ ਗਿਆ ਹੈ। ਬਸਤੋਲਾ ਨੇ ਦੱਸਿਆ ਕਿ ਬਰਾਮਦ ਹੋਈਆਂ ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੱਸ ਦਈਏ ਕਿ ਹੈਲੀਕਾਪਟਰ 'ਚ ਕੈਪਟਨ ਸਮੇਤ 6 ਲੋਕ ਸਵਾਰ ਸਨ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਬਾਬੂ ਤਿਵਾਰੀ ਦੇ ਅਨੁਸਾਰ, ਹੈਲੀਕਾਪਟਰ ਉਡਾਣ ਭਰਨ ਤੋਂ 15 ਮਿੰਟ ਬਾਅਦ ਸੰਪਰਕ ਟੁੱਟ ਗਿਆ।
ਕਾਠਮੰਡੂ ਲਈ ਭਰੀ ਸੀ ਉਡਾਨ:ਕਾਠਮੰਡੂ ਪੋਸਟ ਅਖਬਾਰ ਨੇ ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੁੱਲ ਦੇ ਹਵਾਲੇ ਨਾਲ ਕਿਹਾ ਕਿ ਹੈਲੀਕਾਪਟਰ ਨੇ ਸਵੇਰੇ 9:45 ਵਜੇ ਰਾਜਧਾਨੀ ਕਾਠਮੰਡੂ ਲਈ ਸੋਲੁਖੁੰਬੂ ਦੇ ਸੁਰਕੀ ਤੋਂ ਉਡਾਣ ਭਰੀ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਵਿੱਚ ਕੁੱਲ ਛੇ ਲੋਕ ਸਵਾਰ ਸਨ। ਹਿਮਾਲੀਅਨ ਟਾਈਮਜ਼ ਅਖਬਾਰ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਸ ਨੂੰ ਸੀਨੀਅਰ ਕੈਪਟਨ ਚੇਤ ਗੁਰੰਗ ਚਲਾ ਰਹੇ ਸੀ।
ਹੈਲੀਕਾਪਟਰ ਵਿੱਚ ਕੁੱਲ 6 ਲੋਕ ਸਵਾਰ:ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਟਵੀਟ ਕੀਤਾ ਹੈ ਕਿ ਹੈਲੀਕਾਪਟਰ ਵਿੱਚ ਕੁੱਲ 6 (5 ਯਾਤਰੀ + 1 ਕਪਤਾਨ) ਸਵਾਰ ਹਨ। ਐਲਟੀਟਿਊਡ ਏਅਰ ਹੈਲੀਕਾਪਟਰ ਖੋਜ ਅਤੇ ਬਚਾਅ ਲਈ ਕਾਠਮੰਡੂ ਤੋਂ ਰਵਾਨਾ ਹੋਇਆ ਤੇ ਸਰਚ ਅਭਿਆਨ ਚਲਾਇਆ ਗਿਆ।
ਜਨਵਰੀ 'ਚ ਹੋਇਆ ਜਹਾਜ਼ ਹਾਦਸਾ: ਜਨਵਰੀ 2023 ਨੂੰ ਨੇਪਾਲ 'ਚ ਇਕ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ 'ਚ 69 ਲੋਕਾਂ ਦੀ ਮੌਤ ਹੋ ਗਈ ਸੀ। ਇਹ ਜਹਾਜ਼ ਨੇਪਾਲ ਦੀ ਯੇਤੀ ਏਅਰਲਾਈਨਜ਼ ਦਾ ਰਾਜਧਾਨੀ ਕਾਠਮੰਡੂ ਤੋਂ ਪੋਖਰਾ ਵੱਲ ਜਾ ਰਿਹਾ ਸੀ। ਇਹ ਹਾਦਸਾ ਜਹਾਜ਼ ਦੇ ਪੋਖਰਾ ਹਵਾਈ ਅੱਡੇ 'ਤੇ ਉਤਰਨ ਤੋਂ 10 ਸਕਿੰਟ ਪਹਿਲਾਂ ਵਾਪਰਿਆ। ਹਾਦਸੇ 'ਚ ਜਹਾਜ਼ ਪੋਖਰਾ ਘਾਟੀ ਤੋਂ ਸੇਤੀ ਨਦੀ ਦੀ ਖੱਡ 'ਚ ਡਿੱਗ ਗਿਆ। ਹਾਦਸੇ ਵਿੱਚ ਮਰਨ ਵਾਲੇ 69 ਯਾਤਰੀਆਂ ਵਿੱਚੋਂ ਇੱਕ ਦੀ ਪਛਾਣ ਨੇਪਾਲ ਦੀ ਲੋਕ ਗਾਇਕਾ ਨੀਰਾ ਛਨਿਆਲ ਵਜੋਂ ਹੋਈ ਹੈ। (ਪੀਟੀਆਈ)