ਨਵੀਂ ਦਿੱਲੀ: ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਠੰਡ ਵਿੱਚ ਵਾਧਾ ਹੋ ਚੁੱਕਾ ਹੈ।
ਦਿੱਲੀ ਵਿੱਚ ਬੀਤੀ ਰਾਤ ਅਚਾਨਕ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਆਇਆ। ਦੇਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਦਾ ਸਿਲਸਿਲਾ ਅਜੇ ਵੀ ਹਲਕੀ ਬੂੰਦਾਬਾਂਦੀ ਦੇ ਰੂਪ ਵਿੱਚ ਜਾਰੀ ਹੈ ਅਤੇ ਇਸ ਕਾਰਨ ਰਾਜਧਾਨੀ ਵਿੱਚ ਵੀ ਠੰਡ ਨੇ ਜੋਰ ਫੜ ਲਿਆ ਹੈ।
ਰਾਜਧਾਨੀ 'ਚ ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਸਵੇਰੇ ਹੀ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਇਹ ਹਵਾਵਾਂ ਸਰਦੀ ਨੂੰ ਹੋਰ ਵਧਾਉਣ 'ਚ ਮਦਦ ਕਰ ਰਹੀਆਂ ਸਨ। ਸ਼ੁੱਕਰਵਾਰ ਨੂੰ ਵੀ ਇੰਨ੍ਹਾਂ ਹਵਾਵਾਂ ਕਾਰਨ ਲੋਕਾਂ ਨੂੰ ਦਿੱਲੀ ਦੀ ਅਸਲ ਸਰਦੀ ਮਹਿਸੂਸ ਹੋਣ ਲੱਗੀ। ਭਾਵੇਂ ਦਿਨ ਵਿੱਚ ਕਈ ਵਾਰ ਸੂਰਜ ਨਿਕਲਦਾ ਸੀ ਪਰ ਫਿਰ ਬੱਦਲ ਛਾਏ ਰਹਿੰਦੇ ਸਨ।
ਦੇਰ ਰਾਤ 12 ਵਜੇ ਤੋਂ ਬਾਅਦ ਅਚਾਨਕ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਅਤੇ ਬੱਦਲਾਂ ਦੀ ਗਰਜ ਦੇ ਨਾਲ-ਨਾਲ ਮੀਂਹ ਦਾ ਵੀ ਜ਼ੋਰਦਾਰ ਦੌਰ ਸ਼ੁਰੂ ਹੋ ਗਿਆ। ਸਾਰੀ ਰਾਤ ਮੀਂਹ ਪਿਆ। ਹਾਲਾਂਕਿ ਸ਼ਨੀਵਾਰ ਸਵੇਰੇ ਵੀ ਹਲਕੀ ਬਾਰਿਸ਼ ਜਾਰੀ ਰਹੀ। ਦਿਨ ਵੇਲੇ ਤੇਜ਼ ਹਵਾਵਾਂ ਅਤੇ ਰਾਤ ਨੂੰ ਤੇਜ਼ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਅਤੇ ਦਿੱਲੀ ਵਾਸੀਆਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਜ਼ਿਆਦਾਤਰ ਲੋਕਾਂ ਲਈ ਇਹ ਸੁੱਖ ਦੀ ਗੱਲ ਹੈ ਕਿ ਅੱਜ ਤੋਂ ਅਗਲੇ 2 ਦਿਨਾਂ ਤੱਕ ਵੀਕੈਂਡ ਕਰਫਿਊ ਜਾਰੀ ਰਹੇਗਾ। ਅਜਿਹੇ 'ਚ ਕਈ ਸਰਕਾਰੀ ਦਫਤਰਾਂ ਦੇ ਨਾਲ-ਨਾਲ ਪ੍ਰਾਈਵੇਟ ਦਫਤਰ, ਮਾਰਕਿਟ ਮਾਲ, ਸਿਨੇਮਾ ਹਾਲ ਵੀ ਬੰਦ ਰਹਿਣਗੇ।
ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ, ਜੋ ਮੰਗਲਵਾਰ ਅਤੇ ਬੁੱਧਵਾਰ ਨੂੰ ਮੀਂਹ ਪੈਣ ਤੋਂ ਬਾਅਦ ਵੀਰਵਾਰ ਨੂੰ ਮੀਂਹ ਨਹੀਂ ਪਿਆ ਅਤੇ ਮੌਸਮ ਰਲਵਾਂ-ਮਿਲਵਾਂ ਰਿਹਾ ਹੈ।
ਇਹ ਵੀ ਪੜ੍ਹੋ:Weather update of himachal: ਠੰਢ ਤੋਂ ਨਹੀਂ ਮਿਲੇਗੀ ਰਾਹਤ, ਹਿਮਾਚਲ 'ਚ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ