ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਬਾਲੀਵੁੱਡ ਗਾਇਕ ਯੋ-ਯੋ ਹਨੀ ਸਿੰਘ ਉਰਫ਼ ਹਰਦੇਸ਼ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਐਕਟ ਤਹਿਤ (domestic violence case against honey singh) ਉਸ ਦੀ ਪਤਨੀ ਸ਼ਾਲਿਨੀ ਸਿੰਘ ਵੱਲੋਂ ਦਰਜ ਕੇਸ ਦੀ ਸੁਣਵਾਈ ਟਾਲ ਦਿੱਤੀ ਹੈ। ਮੈਟਰੋਪੋਲੀਟਨ ਮੈਜਿਸਟਰੇਟ ਤਾਨਿਆ ਸਿੰਘ ਨੇ 4 ਮਾਰਚ ਨੂੰ ਸੁਣਵਾਈ ਦਾ ਹੁਕਮ ਦਿੱਤਾ ਹੈ।
28 ਸਤੰਬਰ 2021 ਨੂੰ ਅਦਾਲਤ ਨੇ ਇਸ ਮਾਮਲੇ ਦੀ ਇਨ-ਕੈਮਰਾ ਸੁਣਵਾਈ ਦਾ ਹੁਕਮ ਦਿੱਤਾ ਸੀ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਇਨ-ਕੈਮਰਾ ਸੁਣਵਾਈ ਦੀ ਸਹਿਮਤੀ ਦਿੱਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਤੋਂ ਸੁਲ੍ਹਾ-ਸਫਾਈ ਦੀ ਸੰਭਾਵਨਾ ਤਲਾਸ਼ਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਕਿਹਾ ਸੀ ਕਿ ਜੇਕਰ ਸੁਲ੍ਹਾ-ਸਫਾਈ ਦੀ ਥੋੜ੍ਹੀ ਜਿਹੀ ਵੀ ਗੁੰਜਾਇਸ਼ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ-ਕੈਮਰਾ ਸੁਣਵਾਈ ਦਾ ਮਤਲਬ ਹੈ ਕਿ ਸੁਣਵਾਈ ਦੌਰਾਨ ਦੋਵਾਂ ਧਿਰਾਂ ਨੂੰ ਛੱਡ ਕੇ ਕੋਈ ਤੀਜੀ ਧਿਰ ਅਦਾਲਤ ਵਿੱਚ ਮੌਜੂਦ ਨਹੀਂ ਹੋਵੇਗੀ।
ਹਨੀ ਸਿੰਘ 3 ਸਤੰਬਰ 2021 ਨੂੰ ਅਦਾਲਤ ਵਿੱਚ ਪੇਸ਼ ਹੋਏ ਸਨ। ਉਸ ਦੀ ਪੇਸ਼ੀ ਤੋਂ ਬਾਅਦ ਜੱਜ ਉਸ ਨੂੰ ਆਪਣੇ ਚੈਂਬਰ ਵਿਚ ਲੈ ਗਏ ਅਤੇ ਹਨੀ ਸਿੰਘ ਅਤੇ ਉਸ ਦੀ ਪਤਨੀ ਨਾਲ ਇਕੱਠੇ ਅਤੇ ਵੱਖਰੇ ਤੌਰ 'ਤੇ ਗੱਲ ਕੀਤੀ। ਅਦਾਲਤ ਨੇ ਪਾਇਆ ਸੀ ਕਿ ਘਰ ਛੱਡਣ ਦੇ ਤੱਥਾਂ ਨੂੰ ਲੈ ਕੇ ਹਨੀ ਸਿੰਘ ਅਤੇ ਉਸ ਦੀ ਪਤਨੀ ਦੇ ਬਿਆਨਾਂ ਵਿੱਚ ਵਿਰੋਧਾਭਾਸ ਹੈ। ਸ਼ਾਲਿਨੀ ਸਿੰਘ ਨੇ ਕਿਹਾ ਸੀ ਕਿ ਉਸ ਨੂੰ 20 ਮਾਰਚ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ, ਦੂਜੇ ਪਾਸੇ ਹਨੀ ਸਿੰਘ ਨੇ ਕਿਹਾ ਸੀ ਕਿ ਸ਼ਾਲਿਨੀ 16 ਮਾਰਚ ਨੂੰ ਆਪਣੀ ਮਰਜ਼ੀ ਨਾਲ ਘਰੋਂ ਨਿਕਲੀ ਸੀ।