ਚੰਡੀਗੜ੍ਹ: ਬੇਦਅਦਬੀ ਮਾਮਲੇ ਵਿੱਚ ਰਾਮ ਰਹੀਮ ਪ੍ਰੋਡਕਸ਼ਨ ਵਾਰੰਟ ਦਾ ਮਾਮਲਾ, ਪੰਜਾਬ ਸਰਕਾਰ ਨੇ ਜਵਾਬ ਦੇਣ ਲਈ ਮੰਗਿਆ 4 ਹਫਤੇ ਦਾ ਸਮਾਂ। ਅੱਜ ਰਿਪੋਰਟ ਪੇਸ਼ ਨਹੀਂ ਕੀਤੀ। ਅਦਾਲਤ ਵਿਚ ਸਰਕਾਰ ਨੇ ਕਿਹਾ, ਐਸਆਈਟੀ ਰਾਮ ਰਹੀਮ ਤੋਂ ਫਿਰ ਪੁੱਛਣਾ ਚਾਹੁੰਦੀ ਹੈ ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਉਸ ਨੂੰ ਸੁਨਾਰੀਆ (ਰੋਹਤਕ) ਜੇਲ੍ਹ (Sunaria Jail) ’ਚੋਂ ਫਰੀਦਕੋਟ ਲਿਆਉਣ ਦੀ ਮੰਗ ਨੂੰ ਲੈ ਕੇ ਫਰੀਦਕੋਟ ਅਦਾਲਤ (Faridkot Court) ਵਿੱਚ ਅਰਜੀ ਦਾਖ਼ਲ ਕੀਤੀ ਸੀ ਤੇ ਪ੍ਰੋਡਕਸ਼ਨ ਵਾਰੰਟ ਹਾਸਲ ਕੀਤੇ ਸੀ। ਇਸੇ ਵਾਰੰਟ ਨੂੰ ਰਾਮ ਰਹੀਮ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਰਾਮ ਰਹੀਮ ਕੋਲੋਂ ਸੁਨਾਰੀਆ ਜੇਲ੍ਹ ਵਿੱਚ ਵੀ ਜਾ ਕੇ ਪੁੱਛਗਿੱਛ ਕਰ ਸਕਦੀ ਹੈ।
ਪੰਜਾਬ ਪੁਲਿਸ ਇਸ ਮਾਮਲੇ ਵਿੱਚ ਹਾਈਕੋਰਟ ਵਿੱਚ ਉਹ ਰਿਪੋਰਟ ਵੀ ਪੇਸ਼ ਕਰ ਸਕਦੀ ਹੈ, ਜਿਹੜੀ ਕਿ ਰਾਮ ਰਹੀਮ ਕੋਲੋਂ ਪੁੱਛਗਿਛ ਕਰਕੇ ਤਿਆਰ ਕੀਤੀ ਗਈ ਸੀ, ਹਾਲਾਂਕਿ ਹਾਈਕੋਰਟ ਨੇ ਇਹ ਰਿਪੋਰਟ ਨਹੀਂ ਮੰਗੀ ਸੀ ਪਰ ਪੰਜਾਬ ਪੁਲਿਸ ਆਪਣਾ ਕੇਸ ਮਜਬੂਤ ਕਰਨ ਦੇ ਉਦੇਸ਼ ਨਾਲ ਇਹ ਰਿਪੋਰਟ ਪੇਸ਼ ਕਰਕੇ ਕੁਝ ਤੱਥ ਸਾਹਮਣੇ ਲਿਆ ਸਕਦੀ ਹੈ। ਜਿਕਰਯੋਗ ਹੈ ਕਿ ਰਾਮ ਰਹੀਮ ਨੇ ਨਾ ਸਿਰਫ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦਿੱਤੀ ਸੀ, ਸਗੋਂ ਇਸ ਮਾਮਲੇ ਵਿੱਚ ਜਮਾਨਤ ਦੀ ਮੰਗ ਵੀ ਕੀਤੀ ਸੀ ਤੇ ਹਾਈਕੋਰਟ ਨੇ ਦੋਵੇਂ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਸੀ ਤੇ ਕਿਹਾ ਸੀ ਕਿ ਪੁਲਿਸ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਰਾਮ ਰਹੀਮ ਕੋਲੋਂ ਪੁੱਛ ਗਿੱਛ ਕਰ ਸਕਦੀ ਹੈ।
ਇਹ ਵੀ ਪੜ੍ਹੋ:ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਵੱਲੋਂ ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ