ਨਵੀਂ ਦਿੱਲੀ: ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਯੁਵਰਾਜ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਯੁਵੀ ਨੇ ਆਪਣੀ ਪੋਸਟ 'ਚ ਭਗਵਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਾਈਵੇਸੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਯੁਵੀ ਨੇ ਸਾਲ 2016 'ਚ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕੀਤਾ ਸੀ
ਯੁਵਰਾਜ ਸਿੰਘ ਨੇ ਟਵਿੱਟਰ 'ਤੇ ਲਿਖਿਆ, ''ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਰੱਬ ਨੇ ਸਾਨੂੰ ਬੇਟੇ ਦੀ ਬਖਸ਼ਿਸ਼ ਦਿੱਤੀ ਹੈ। ਸਾਨੂੰ ਇਹ ਬਰਕਤ ਦੇਣ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ, ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਅਤੇ ਯੁਵਰਾਜ।
ਦੇਸ਼ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾ ਚੁੱਕੇ ਹਨ ਯੁਵਰਾਜ
ਭਾਰਤੀ ਟੀਮ ਨੇ ਯੁਵਰਾਜ ਸਿੰਘ ਦੀ ਬਦੌਲਤ ਪਹਿਲਾ ਟੀ-20 ਵਿਸ਼ਵ ਕੱਪ (2007) ਅਤੇ ਵਨਡੇ ਵਿਸ਼ਵ ਕੱਪ (2011) ਜਿੱਤਿਆ ਸੀ। ਯੁਵੀ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 14 ਗੇਂਦਾਂ 'ਚ 58 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਇਸ ਸਟਾਰ ਆਲਰਾਊਂਡਰ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਖਿਲਾਫ 30 ਗੇਂਦਾਂ 'ਚ 70 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਯੁਵੀ ਨੂੰ ਵਨਡੇ ਵਿਸ਼ਵ ਕੱਪ 2011 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।
ਯੁਵਰਾਜ ਦਾ ਕਰੀਅਰ
ਯੁਵਰਾਜ ਸਿੰਘ ਸਫੇਦ ਗੇਂਦ ਵਾਲੇ ਕ੍ਰਿਕਟ ਦੇ ਖਤਰਨਾਕ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 304 ਵਨਡੇ ਅਤੇ 58 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ ਵਨਡੇ 'ਚ 8,701 ਦੌੜਾਂ ਅਤੇ 111 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਉਸ ਨੇ 1,177 ਦੌੜਾਂ ਦੇ ਕੇ 28 ਵਿਕਟਾਂ ਲਈਆਂ। ਯੁਵੀ ਨੂੰ ਸਿਰਫ਼ 40 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਟੈਸਟ ਕਰੀਅਰ ਵਿੱਚ 1,900 ਦੌੜਾਂ ਬਣਾਈਆਂ ਅਤੇ ਨੌਂ ਵਿਕਟਾਂ ਲਈਆਂ।