ਹੈਦਰਾਬਾਦ ਡੈਸਕ: ਹਰਿਆਣਾ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC Election) ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨਰ ਨੇ 30 ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਉਮੀਦਵਾਰਾਂ ਅਤੇ ਵੋਟਰਾਂ ਨੂੰ ਲੈ ਕੇ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਨ੍ਹਾਂ ਸ਼ਰਤਾਂ ਅਨੁਸਾਰ ਕਿਸੇ ਵੀ ਰਾਜ ਦਾ ਅੰਮ੍ਰਿਤਧਾਰੀ ਉਮੀਦਵਾਰ HSGPC ਦੀਆਂ ਚੋਣਾਂ 'ਚ ਹਿੱਸਾ ਲੈ ਸਕਦਾ ਹੈ। ਇਸ ਦੇ ਨਾਲ ਹੀ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ।
ਮਹੰਤ ਨੇ ਨਿੱਜੀ ਕਾਰਨਾਂ ਕਰਕੇ ਦਿੱਤਾ ਅਸਤੀਫ਼ਾ: ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਅੱਗੇ ਆਪਣੀਆਂ ਮੰਗਾਂ ਰੱਖੀਆਂ ਹਨ। ਮੁੱਖ ਮੰਤਰੀ ਨੇ ਮੰਗਾਂ ਪ੍ਰਤੀ ਹਾਂ-ਪੱਖੀ ਰਵੱਈਆ ਅਪਣਾਇਆ ਹੈ। ਮਹੰਤ ਕਰਮਜੀਤ ਦੇ ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।
ਕਦੋਂ ਬਣਨਗੀਆਂ ਨਵੀਂਆਂ ਵੋਟਾਂ:ਗੁਰਦੁਆਰਾ ਚੋਣ ਕਮਿਸ਼ਨਰ ਨੇ 30 ਸਤੰਬਰ ਤੱਕ ਨਵੀਆਂ ਵੋਟਾਂ ਬਣਾਉਣ ਦਾ ਸਮਾਂ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਨਵਾਂ ਵੋਟਰ ਆਪਣੇ ਆਪ ਨੂੰ ਐਚਐਸਜੀਪੀਸ ਦੇ ਵੋਟਰ ਵਜੋਂ ਰਜਿਸਟਰ ਕਰਵਾ ਸਕਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC)ਦੇ ਵਾਰਡਾਂ ਦੀ ਹੱਦਬੰਦੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਹੈ। 28 ਜੁਲਾਈ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਸੂਚਨਾ ਅਨੁਸਾਰ ਪੂਰੇ ਸੂਬੇ ਨੂੰ 40 ਵਾਰਡਾਂ ਵਿੱਚ ਵੰਡਿਆ ਗਿਆ ਹੈ।
ਕਿਹੜੇ ਲੋਕਾਂ ਨੂੰ ਵੋਟਰ ਫਾਰਮ ਮਿਲਣਗੇ:HSGPC ਚੋਣਾਂ ਵਿੱਚ ਹਰੇਕ ਵਾਰਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਵੇਗਾ। 40 ਮੈਂਬਰਾਂ ਦੀ ਚੋਣ ਤੋਂ ਬਾਅਦ ਮੁਖੀ ਸਮੇਤ ਹੋਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਅਤੇ ਨਾਮ ਦਰਜ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। HSGPC Election 2023 ਚੋਣਾਂ ਦੀ ਤਿਆਰੀ ਲਈ ਨਾਮਾਂ ਦੀ ਰਜਿਸਟ੍ਰੇਸ਼ਨ ਲਈ ਬਿਨੈ-ਪੱਤਰ ਫਾਰਮ ਪੇਂਡੂ ਖੇਤਰਾਂ ਵਿੱਚ ਪਟਵਾਰੀ ਅਤੇ ਸ਼ਹਿਰੀ ਖੇਤਰਾਂ ਵਿੱਚ ਮਿਉਂਸਪਲ ਕਮੇਟੀ, ਕੌਂਸਲ, ਕਾਰਪੋਰੇਸ਼ਨ ਦੇ ਸਕੱਤਰ ਕੋਲ ਮੁਫ਼ਤ ਉਪਲਬਧ ਹੋਣਗੇ।