ਬਹਾਦੁਰਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਥੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਇਥੇ ਟਿੱਕਰੀ ਬਾਰਡਰ 'ਤੇ ਅੰਦੋਲਨ ਵਿੱਚ ਹਿੱਸਾ ਲੈਣ ਆਈ ਇੱਕ ਮਹਿਲਾ ਨਾਲ ਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਮਗਰੋਂ ਉਸ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਤੇ ਮਹਿਲਾ ਕਮਿਸ਼ਨ ਦੋਹਾਂ ਵੱਲੋਂ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਗਿਆ ਹੈ।
ਜਾਣਕਾਰੀ ਹੋਣ ਮਗਰੋਂ ਵੀ ਯੋਗੇਂਦਰ ਯਾਦਵ ਨੇ ਨਹੀਂ ਕੀਤੀ ਪੁਲਿਸ ਰਿਪੋਰਟ
ਹਰਿਆਣਾ ਪੁਲਿਸ ਨੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਭੇਜਿਆ ਨੋਟਿਸ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਇਸ ਸਬੰਧੀ ਟਵੀਟ ਕਰ ਲਿਖਿਆ ਹੈ, " ਟਿਕਰੀ ਬਾਰਡਰ ਵਾਲੇ ਮਾਮਲੇ ਵਿੱਚ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਨੇ ਖ਼ੁਦ ਮੰਨਿਆ ਕਿ ਮਹਿਲਾ ਨੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਹੋਣ ਦੀ ਜਾਣਕਾਰੀ ਦਿੱਤੀ ਸੀ, ਪਰ ਜਾਣਕਾਰੀ ਹੋਣ ਮਗਰੋਂ ਵੀ ਉਨ੍ਹਾਂ ਨੇ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ।
ਡੀਐਸਪੀ ਦੀ ਅਗਵਾਈ ਵਿੱਚ ਹੋਵੇਗੀ ਪੁੱਛਗਿੱਛ
ਉਥੇ ਹੀ ਹਰਿਆਣਾ ਪੁਲਿਸ ਨੇ ਵੀ ਇਸ ਮਾਮਲੇ ਦੇ ਸਾਰੇ ਹੀ ਮੁਲਜ਼ਮਾਂ ਸਣੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਨੋਟਿਸ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ ਮਹਿਲਾ ਮੁਲਜ਼ਮ ਵੀ ਪੁਲਿਸ ਜਾਂਚ ਦੌਰਾਨ ਸ਼ਾਮਲ ਹੋਣ ਪੁੱਜੀ ਹੈ। ਉਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਮਾਮਲੇ ਚ ਕਿਸਾਨ ਨੇਤਾ ਯੋਗੇਂਦਰ ਯਾਦਵ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ। ਪੁੱਛਗਿੱਛ ਦੀ ਸਾਰੀ ਕਾਰਵਾਈ ਡੀਐਸਪੀ ਦੀ ਅਗਵਾਈ ਵਿੱਚ ਹੋਵੇਗੀ।
ਪੀੜਤਾ ਦੇ ਪਿਤਾ ਨੇ ਅੰਦੋਲਨ ਸਥਾਨ ਉੱਤੇ ਧੀ ਨਾਲ ਰੇਪ ਹੋਣ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਨੇ 6 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਅਨਿਲ ਮਲਿਕ ਨਾਂਅ ਦਾ ਇੱਕ ਵਿਅਕਤੀ, ਜੋ ਕਿ ਸੋਸ਼ਲ ਆਰਮੀ ਨਾਲ ਸਬੰਧਤ ਹੈ, 10 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਰੇਲ ਗੱਡੀ 'ਚ ਉਸ ਦੇ ਨਾਲ ਹੀ ਆਇਆ ਸੀ।
ਅਨਿਲ ਮਲਿਕ ਨੇ ਆਪਣੇ ਸਾਥੀ ਅਨੂਪ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਕਿਸਾਨਾਂ ਦੇ ਕੁੱਝ ਟੈਂਟਾਂ ਦੀ ਵੀ ਜਾਂਚ ਕੀਤੀ ਹੈ। ਇਸ ਮਾਮਲੇ 'ਚ ਪੁਲਿਸ ਨੇ ਵਾਰਦਾਤ ਵਾਲੀ ਥਾਂ 'ਤੇ ਵੀ ਛਾਪੇਮਾਰੀ ਕੀਤੀ ਹੈ।