ਚੰਡੀਗੜ੍ਹ: ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਵੱਡਾ ਮਿਹਣਾ ਮਾਰਿਆ ਹੈ। ਉਨ੍ਹਾਂ ਪ੍ਰਦੂਸ਼ਣ ਦੇ ਮੁੱਦੇ ‘ਤੇ ਕੇਜਰੀਵਾਲ ਨੂੰ ਘੇਰਾ ਪਾਇਆ ਹੈ। ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਚਾਰ ਸਾਲ ਗਰੀਨ ਟੈਕਸ ਇਕੱਤਰ ਕੀਤਾ ਪਰ ਇਸ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 80 ਫੀਸਦੀ ਗਰੀਨ ਟੈਕਸ (Green Tax) ਅਣ ਵਰਤਿਆ ਪਿਆ ਹੈ।
ਕੇਜਰੀਵਾਲ ਕਿਸਾਨ ਤੇ ਬਿਜਲੀ ਪਲਾਂਟਾਂ ਨੂੰ ਦਿੰਦੇ ਹਨ ਦੋਸ਼
ਬੀਬਾ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਅਤੇ ਬਿਜਲੀ ਪਲਾਂਟਾਂ (Power Plants) ਨੂੰ ਦੋਸ਼ ਦਿੰਦੇ ਹਨ ਕਿ ਇਹ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਣ ਬਣਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ਵਧੀਆ ਪ੍ਰਸ਼ਾਸਨ ਦੇਣ ਵਿੱਚ ਫੇਲ੍ਹ ਸਾਬਤ ਹੋਏ ਹਨ ਤੇ ਉਨ੍ਹਾਂ ਨੂੰ ਪੰਜਾਬ ‘ਤੇ ਦੋਸ਼ ਲਗਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਪ੍ਰਦੂਸ਼ਣ ਪ੍ਰਤੀ ਸ਼ੁਹਿੱਰਦ ਨਹੀਂ ਹਨ।
ਪੰਜਾਬ ‘ਤੇ ਦੋਸ਼ ਲਗਾ ਕੇ ਗੁਸਤਾਖੀ ਕਰ ਰਹੇ ਹਨ ਕੇਜਰੀਵਾਲ
ਅਕਾਲੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਤੇ ਕਿਸਾਨਾਂ ‘ਤੇ ਦੋਸ਼ ਲਗਾਉਣ ਦੀ ਗੁਸਤਾਖੀ ਕਰ ਰਹੇ ਹਨ। ਜਿਕਰਯੋਗ ਹੈ ਕਿ ਆਰਟੀਆਈ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਇਕੱਠੇ ਕੀਤੇ ਗਰੀਨ ਟੈਕਸ ਦਾ 80 ਫੀਸਦੀ ਹਿੱਸਾ ਖਰਚ ਹੀ ਨਹੀਂ ਕੀਤਾ।