ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ, ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਰਿਹਾਅ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦਾ ਮੁੱਦਾ ਵੀ ਚੁੱਕਿਆ। ਹਰਸਿਮਰਤ ਨੇ ਸੰਸਦ 'ਚ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਅਤੇ ਵੀਰ ਬਾਲ ਦਿਵਸ ਨੂੰ ਲੈ ਕੇ ਵੀ ਸਰਕਾਰ 'ਤੇ ਹਮਲਾ ਕੀਤਾ।
ਵੀਰ ਬਾਲ ਦਿਵਸ ਉਤੇ ਭੜਕੀ ਹਰਸਿਮਰਤ ਕੌਰ :ਹਰਸਿਮਰਤ ਕੌਰ ਨੇ ਸਹਿਬਜ਼ਾਦਿਆਂ ਦੇ ਜਨਮ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਐਲਾਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਛਾਤੀ ਉੱਚਾ ਕਰ ਕੇ ਕਹਿੰਦੇ ਹਨ ਕਿ ਭਾਵੇਂ ਸਾਡਾ ਸਿਰ ਕਲਮ ਕਰ ਦਿੱਤਾ ਜਾਵੇ ਪਰ ਅਸੀਂ ਧਰਮ ਪਰਿਵਰਤਨ ਨਹੀਂ ਕਰਾਂਗੇ, ਕੀ ਤੁਸੀਂ ਉਨ੍ਹਾਂ ਨੂੰ ਵੀਰ ਬਾਲ ਕਹਿ ਰਹੇ ਹੋ? ਹਰਸਿਮਰਤ ਕੌਰ ਨੇ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਕਿਹਾ ਕਿ ਉਹ ਕੋਈ ਬੱਚਾ ਨਹੀਂ, ਸਾਡਾ ਬਾਬਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਇਹ ਧਰਮ ਦੇਸ਼ ਦਾ ਸਭ ਤੋਂ ਵੱਡਾ ਧਰਮ ਹੈ।
ਬੰਦੀ ਸਿੰਘਾਂ ਦੇ ਮਸਲੇ ਉਤੇ ਬੋਲੀ ਹਰਸਮਿਰਤ ਕੌਰ : ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਬਲਾਤਕਾਰ ਦਾ ਦੋਸ਼ੀ ਬਾਬਾ ਵਾਰ-ਵਾਰ ਪੈਰੋਲ 'ਤੇ ਬਾਹਰ ਆ ਰਿਹਾ ਹੈ। ਬਿਲਕਿਸ ਬਾਨੋ ਦੇ ਦੋਸ਼ੀ ਤਾਂ ਰਿਹਾਅ ਹੋ ਜਾਂਦੇ ਹਨ ਪਰ ਸਿੱਖ ਕੈਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ।