ਨਵੀਂ ਦਿੱਲੀ: ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਬਿਆਨਬਾਜੀ ਦਾ ਆਪਣਾ ਅੰਦਾਜ ਹੈ ਤੇ ਕਦੇ ਕਦਾਈਂ ਚੌਕੇ ਦੀ ਥਾਂ ਛੱਕਾ ਮਾਰ ਜਾਂਦੇ ਹਨ। ਮੈਨੂੰ ਉਨ੍ਹਾਂ ਦੇ ਬਿਆਨ ‘ਤੇ ਕੁਝ ਨਹੀਂ ਕਹਿਣਾ ਹੈ ਤੇ ਨਾ ਹੀ ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ ਹੈ। ਰਾਵਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਸੁਤੰਤਰ ਹਨ ਤੇ ਇਸੇ ਤਰ੍ਹਾਂ ਪੰਜਾਬ ਦੀ ਪੀਸੀਸੀ ਪੂਰੀ ਤਰ੍ਹਾਂ ਸੁਤੰਤਰ ਹੈ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਫੈਸਲੇ ਲੈਣ ਲਈ ਸੁਤੰਤਰ ਹਨ।
ਸਲਾਹਕਾਰ ਵੱਲੋਂ ਬਿਆਨ ਵਾਪਸ ਲੈਣ ਨਾਲ ਸੁਲਝਿਆ ਵਿਵਾਦ
ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਲਗਾਉਣ ਵੇਲੇ ਹੱਦ ਵਿੱਚ ਰਹਿਣ ਦੀ ਤਾਕੀਦ ਦੀ ਹੱਦ ਵਾਰ-ਵਾਰ ਪਾਰ ਕਰਨ ਦੇ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਧੂ ਕਦੇ ਕਦਾਈਂ ਚੌਕੇ ਦੀ ਥਾਂ ਛੱਕਾ ਲਗਾ ਜਾਂਦੇ ਹਨ ਪਰ ਇਹ ਸਾਰੇ ਪੁਆਇਂਟ ਕਾਂਗਰਸ ਦੇ ਖਾਤੇ ਵਿੱਚ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵੇਗੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਦੇ ਬਿਆਨ ਬਾਰੇ ਉਨ੍ਹਾਂ ਦੀ ਦੋ ਤਿੰਨ ਦਿਨ ਪਹਿਲਾਂ ਗੱਲ ਹੋਈ ਸੀ ਤੇ ਹੁਣ ਜੇਕਰ ਸਿੱਧੂ ਨੇ ਉਨ੍ਹਾਂ ਦੀ ਗੱਲ ਦਾ ਮਾਣ ਰੱਖਿਆ ਹੈ ਤੇ ਸਲਾਹਕਾਰ ਨੇ ਅਸਤੀਫਾ ਦੇ ਦਿੱਤਾ ਤਾਂ ਇਸ ਲਈ ਉਹ ਸਿੱਧੂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰ ਦੇ ਬਿਆਨ ਵਾਪਸ ਲੈਣ ਦੇ ਨਾਲ ਵਿਵਾਦ ਸੁਲਝ ਗਿਆ ਹੈ।
ਦੇਸ਼ ਵਿਰੋਧੀ ਬਿਆਨ ਦੇਣ ਦਾ ਸਮਰਥਨ ਨਹੀਂ
ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਦੇ ਉਲਟ ਬਿਆਨ ਦੇਣ ਵਾਲੇ ਕਿਸੇ ਵੀ ਆਗੂ ਜਾਂ ਵਿਅਕਤੀ ਦਾ ਕਾਂਗਰਸ ਪਾਰਟੀ ਸਮਰਥਨ ਨਹੀਂ ਕਰਦੀ, ਇਹ ਪਾਰਟੀ ਦੀ ਸਪਸ਼ਟ ਨੀਤੀ ਹੈ। ਕਾਂਗਰਸ ਦੇਸ਼ ਵਿਰੋਧੀ ਕਿਸੇ ਬਿਆਨ ਦੇ ਨਾਲ ਨਾ ਪਹਿਲਾਂ ਸੀ ਤੇ ਨਾ ਹੀ ਅੱਗੇ ਨੂੰ ਕਦੇ ਸਮਰਥਨ ਕਰੇਗੀ।