ਰਾਜਸਥਾਨ: ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਹਰੀਸ਼ ਚੌਧਰੀ (Harish Chaudhary) ਨਾਲ ਈਟੀਵੀ ਭਾਰਤ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਹਰੀਸ਼ ਚੌਧਰੀ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਕਾਂਗਰਸ ਨਾਲ ਮੁਕਾਬਲਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਆਪਣੀ ਯੋਗਤਾ ਦੇ ਆਧਾਰ 'ਤੇ ਮੁੱਖ ਮੰਤਰੀ ਬਣੇ ਹਨ ਅਤੇ ਉਹ ਲਗਾਤਾਰ ਲੋਕਾਂ ਦੇ ਹਿੱਤ ਵਿੱਚ ਫੈਸਲੇ ਲੈ ਰਹੇ ਹਨ।
ਸਿੱਧੂ-ਚੰਨੀ ਨੂੰ ਲੈਕੇ ਬੋਲੇ ਹਰੀਸ਼ ਚੌਧਰੀ
ਇਸ ਮੌਕੇ ਹਰੀਸ਼ ਚੌਧਰੀ ਦਾ ਚੰਨੀ ਅਤੇ ਸਿੱਧੂ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੰਨੀ ਤੇ ਸਿੱਧੂ ਦੋ ਵੱਖਰੇ ਧਰੁਵ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਹਰ ਕਿਸੇ ਨੂੰ ਆਪਣੀ ਰਾਏ ਪ੍ਰਗਟਾਉਣ ਦਾ ਅਧਿਕਾਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਅਤੇ ਚੰਨੀ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਹਰੀਸ਼ ਚੌਧਰੀ ਦਾ ਪੰਜਾਬ ਦੇ ਅਗਲੇ ਸੀਐਮ ਚਿਹਰੇ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਲੋਕ ਤੈਅ ਕਰਨਗੇ ਉਸ ਤੋਂ ਬਾਅਦ ਵਿਧਾਇਕ ਤੈਅ ਕਰਨਗੇ ਕਿ ਕਿਸ ਨੂੰ ਸੀਐਮ ਬਣਾਉਣਾ ਹੈ।
ਕੈਪਟਨ ਬਾਰੇ ਕੀ ਬੋਲੇ ਹਰੀਸ਼ ਚੌਧਰੀ
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਸੀ, ਪਰ ਕਾਂਗਰਸੀ ਵਿਧਾਇਕਾਂ ਨੇ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੇ ਕੰਮ ਕਰਨ ‘ਤੇ ਅਸੰਤੁਸ਼ਟ ਹੋਣ ਤੋਂ ਬਾਅਦ ਹੀ ਇਸ ਦੀ ਮੰਗ ਕੀਤੀ ਸੀ ਅਤੇ ਜਿਸ ਤੋਂ ਬਾਅਦ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਬਦਲਿਆ ਗਿਆ ਹੈ।