ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ ਹਾਮੂਨ ਇੱਕ ਗੰਭੀਰ ਚੱਕਰਵਾਤ ਵਿੱਚ ਬਦਲ ਗਿਆ ਹੈ, ਪਰ ਓਡੀਸ਼ਾ ਵਿੱਚ ਇਸਦਾ ਕੋਈ ਵੱਡਾ ਪ੍ਰਭਾਵ ਹੋਣ ਦੀ ਉਮੀਦ ਨਹੀਂ ਹੈ, ਕਿਉਂਕਿ ਇਹ ਲਗਭਗ 200 ਕਿਲੋਮੀਟਰ ਦੀ ਦੂਰੀ ਤੋਂ ਰਾਜ ਦੇ ਤੱਟ ਨੂੰ ਪਾਰ ਕਰੇਗਾ। ਭਾਰਤ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਨੇ ਇਕ ਬੁਲੇਟਿਨ 'ਚ ਕਿਹਾ ਕਿ 'ਹਾਮੂਨ' ਦੇ ਅਗਲੇ ਕੁਝ ਘੰਟਿਆਂ 'ਚ ਹੋਰ ਭਿਆਨਕ ਚੱਕਰਵਾਤੀ ਤੂਫਾਨ 'ਚ ਬਦਲਣ ਦੀ ਸੰਭਾਵਨਾ ਹੈ ਕਿਉਂਕਿ ਇਹ ਬੰਗਾਲ ਦੀ ਖਾੜੀ 'ਚ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧੇਗਾ।
ਬੁਲੇਟਿਨ ਦੇ ਅਨੁਸਾਰ, ਇਸ ਤੋਂ ਬਾਅਦ 'ਹਾਮੂਨ' ਉੱਤਰ-ਪੂਰਬ ਵੱਲ ਵਧਦੇ ਹੋਏ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਅਤੇ 65-75 ਕਿਲੋਮੀਟਰ ਪ੍ਰਤੀ ਘੰਟੇ ਤੋਂ 85 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ ਦੇ ਰੂਪ 'ਚ ਖੇਪੁਪਾਰਾ ਅਤੇ ਚਟਗਾਂਵ ਦੇ ਵਿਚਕਾਰ ਬੰਗਲਾਦੇਸ਼ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹਾਮੂਨ ਮੰਗਲਵਾਰ ਨੂੰ ਸਵੇਰੇ 5.30 ਵਜੇ ਪਾਰਾਦੀਪ (ਓਡੀਸ਼ਾ) ਤੋਂ ਲਗਭਗ 230 ਕਿਲੋਮੀਟਰ ਪੂਰਬ-ਦੱਖਣ-ਪੂਰਬ, ਦੀਘਾ (ਪੱਛਮੀ ਬੰਗਾਲ) ਤੋਂ 240 ਕਿਲੋਮੀਟਰ ਦੱਖਣ-ਦੱਖਣ-ਪੂਰਬ, ਖੇਪੁਪਾਰਾ (ਬੰਗਲਾਦੇਸ਼) ਤੋਂ 280 ਕਿਲੋਮੀਟਰ ਦੱਖਣ-ਦੱਖਣ-ਪੱਛਮ ਅਤੇ ਚਟਗਾਉਂ (ਬੰਗਲਾਦੇਸ਼) ਤੋਂ 410 ਕਿਲੋਮੀਟਰ ਦੱਖਣ-ਪੱਛਮ ਵੱਲ ਕੇਂਦਰਿਤ ਸੀ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਮੁੰਦਰ ਵਿੱਚੋਂ ਲੰਘਣ ਵਾਲਾ ਇਹ ਚੱਕਰਵਾਤ ਓਡੀਸ਼ਾ ਤੱਟ ਤੋਂ ਕਰੀਬ 200 ਕਿਲੋਮੀਟਰ ਦੂਰ ਹੋਵੇਗਾ। ਇਸ ਲਈ ਸੂਬੇ ਦੇ ਤੱਟਵਰਤੀ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੋਂ ਇਲਾਵਾ ਉੱਥੇ ਕੋਈ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।