ਹਰਿਆਣਾ/ਗੁਰੂਗ੍ਰਾਮ: ਸਾਈਬਰ ਸਿਟੀ ਗੁਰੂਗ੍ਰਾਮ 'ਚ ਮਸ਼ਹੂਰ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਅਭਿਜੀਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪੁੱਛਗਿੱਛ ਦੌਰਾਨ ਅਭਿਜੀਤ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਮਾਡਲ ਦਾ ਕਤਲ ਕਿਉਂ ਕੀਤਾ। ਦਰਅਸਲ ਗੁਰੂਗ੍ਰਾਮ ਬੱਸ ਸਟੈਂਡ ਸਥਿਤ ਸਿਟੀ ਪੁਆਇੰਟ ਹੋਟਲ ਵਿੱਚ, ਹੋਟਲ ਮਾਲਕ ਅਭਿਜੀਤ ਵੱਲੋਂ ਮਾਡਲ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਦਾ ਨਿਪਟਾਰਾ ਕਰਨ ਲਈ ਮੁੱਖ ਮੁਲਜ਼ਮ ਨੇ ਆਪਣੀ ਬੀਐਮਡਬਲਯੂ ਕਾਰ ਹੋਟਲ ਵਿੱਚ ਕੰਮ ਕਰਦੇ ਦੋ ਨੌਜਵਾਨਾਂ ਨੂੰ ਦੇ ਦਿੱਤੀ ਸੀ।
ਮਾਡਲ ਕਤਲ ਕਾਂਡ ਦੇ ਮੁੱਖ ਮੁਲਜ਼ਮ ਸਮੇਤ 3 ਗ੍ਰਿਫਤਾਰ:ਗੁਰੂਗ੍ਰਾਮ ਪੁਲਿਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਕੁੱਝ ਘੰਟਿਆਂ 'ਚ ਹੀ ਮਾਡਲ ਕਤਲ ਦੇ ਮੁੱਖ ਮੁਲਜ਼ਮ ਸਮੇਤ ਕੁੱਲ 3 ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਭਿਜੀਤ ਸਿੰਘ (ਉਮਰ-56 ਸਾਲ) ਵਾਸੀ ਮਾਡਲ ਟਾਊਨ ਹਿਸਾਰ, ਹੇਮਰਾਜ (ਉਮਰ-28 ਸਾਲ) ਵਾਸੀ ਨੇਪਾਲ ਅਤੇ ਓਮਪ੍ਰਕਾਸ਼ (ਉਮਰ-23 ਸਾਲ) ਵਾਸੀ ਪਿੰਡ ਜੁਰਾਂਤੀ, ਜ਼ਿਲ੍ਹਾ ਜਲਪਾਈਗੁੜੀ, ਪੱਛਮੀ ਵਜੋਂ ਹੋਈ ਹੈ।
'ਅਸ਼ਲੀਲ ਫੋਟੋਆਂ ਨਾਲ ਬਲੈਕਮੇਲ ਕਰਦੀ ਸੀ ਮਾਡਲ':ਮਾਡਲ ਦਿਵਿਆ ਪਾਹੂਜਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਭਿਜੀਤ ਤੋਂ ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਹੋਟਲ ਸਿਟੀ ਪੁਆਇੰਟ ਮੁਲਜ਼ਮ ਦਾ ਹੀ ਹੈ, ਜੋ ਉਸ ਨੇ ਲੀਜ਼ ’ਤੇ ਰੱਖਿਆ ਸੀ। ਦਿਵਿਆ ਪਾਹੂਜਾ ਕੋਲ ਮੁਲਜ਼ਮ ਅਭਿਜੀਤ ਸਿੰਘ ਦੀਆਂ ਕੁੱਝ ਅਸ਼ਲੀਲ ਤਸਵੀਰਾਂ ਸਨ। ਇਨ੍ਹਾਂ ਤਸਵੀਰਾਂ ਕਾਰਨ ਹੀ ਦਿਵਿਆ ਪਾਹੂਜਾ ਮੁਲਜ਼ਮ ਅਭਿਜੀਤ ਨੂੰ ਪੈਸਿਆਂ ਲਈ ਬਲੈਕਮੇਲ ਕਰਦੀ ਸੀ। ਮਾਡਲ ਅਕਸਰ ਅਭਿਜੀਤ ਤੋਂ ਖਰਚੇ ਲਈ ਪੈਸੇ ਲੈਂਦੀ ਰਹਿੰਦੀ ਸੀ। ਹੁਣ ਉਹ ਅਭਿਜੀਤ ਤੋਂ ਮੋਟੀ ਰਕਮ ਵਸੂਲਣਾ ਚਾਹੁੰਦੀ ਸੀ।
ਮਾਡਲ ਦਾ ਹੋਟਲ 'ਚ ਕਤਲ:ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਭਿਜੀਤ ਸਿੰਘ 2 ਜਨਵਰੀ ਨੂੰ ਮਾਡਲ ਨਾਲ ਹੋਟਲ ਸਿਟੀ ਪੁਆਇੰਟ 'ਚ ਆਇਆ ਸੀ। ਅਭਿਜੀਤ ਮਾਡਲ ਦੇ ਫੋਨ ਤੋਂ ਉਸ ਦੀਆਂ ਅਸ਼ਲੀਲ ਫੋਟੋਆਂ ਡਿਲੀਟ ਕਰਨਾ ਚਾਹੁੰਦਾ ਸੀ ਪਰ ਦਿਵਿਆ ਪਾਹੂਜਾ ਨੇ ਉਸ ਨੂੰ ਫੋਨ ਦਾ ਪਾਸਵਰਡ ਨਹੀਂ ਦੱਸਿਆ। ਜਿਸ ਕਾਰਨ ਅਭਿਜੀਤ ਨੇ ਦਿਵਿਆ ਪਾਹੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹੋਟਲ ਵਿੱਚ ਸਫ਼ਾਈ ਅਤੇ ਰਿਸੈਪਸ਼ਨ ਦਾ ਕੰਮ ਕਰਨ ਵਾਲੇ ਹੇਮਰਾਜ ਅਤੇ ਓਮ ਪ੍ਰਕਾਸ਼ ਨਾਲ ਮਿਲ ਕੇ ਮੁਲਜ਼ਮ ਅਭਿਜੀਤ ਦੀ ਬੀਐਮਡਬਲਿਊ ਕਾਰ ਵਿੱਚ ਲਾਸ਼ ਰੱਖ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਅਭਿਜੀਤ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਲਾਸ਼ ਦੇ ਨਿਪਟਾਰੇ ਲਈ ਆਪਣੀ ਬੀਐਮਡਬਲਯੂ ਕਾਰ ਦੇ ਦਿੱਤੀ।
ਮਾਡਲ ਦਿਵਿਆ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਿਟੀ ਪੁਆਇੰਟ ਹੋਟਲ ਦੇ ਮਾਲਕ ਅਭਿਜੀਤ ਨਾਲ ਗਈ ਹੋਈ ਸੀ। ਉਦੋਂ ਤੋਂ ਉਹ ਲਾਪਤਾ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਹੋਟਲ ਸਿਟੀ ਪੁਆਇੰਟ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਅਪਰਾਧ ਦੀ ਪੁਸ਼ਟੀ ਹੋਈ। ਇਸ ਮਾਮਲੇ 'ਚ ਮੁੱਖ ਮੁਲਜ਼ਮ ਅਭਿਜੀਤ ਦੇ ਨਾਲ-ਨਾਲ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।- ਸੁਭਾਸ਼ ਬੋਕਨ, ਪੁਲਿਸ ਬੁਲਾਰੇ