ਗੁਰੂਗ੍ਰਾਮ (ਹਰਿਆਣਾ) : ਗੁਰੂਗ੍ਰਾਮ 'ਚ ਖੁੱਲ੍ਹੇ ਨਮਾਜ਼ (namaz ) ਦੇ ਵਿਰੋਧ ਤੋਂ ਬਾਅਦ ਗੁਰਦੁਆਰਿਆਂ ਦੀ ਸਥਾਨਕ ਐਸੋਸੀਏਸ਼ਨ ਨੇ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਜਿਸ ’ਤੇ ਗੁਰਦੁਆਰਾ ਮੈਂਬਰ ਦਯਾ ਸਿੰਘ ਨੇ ਕਿਹਾ ਕਿ ਮੁਸਲਮਾਨ ਭਰਾਵਾਂ ਨੂੰ ਜੇਕਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਨ੍ਹਾਂ ਨੂੰ ਕਮੇਟੀ ਨੇ ਨਮਾਜ਼ ਦੇ ਲਈ ਥਾਂ ਦੇਣ ਦਾ ਫੈਸਲਾ ਕੀਤਾ ਸੀ। ਤਾਂ ਜੋ ਉਹ ਨਮਾਜ਼ ਅਦਾ ਕਰ ਸਕਣ। ਪ੍ਰਕਾਸ਼ ਦਿਹਾੜੇ ਦੇ ਕਾਰਨ ਮੁਸਲਮਾਨ ਭਰਾਵਾਂ ਨੇ ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਖੁਦ ਨਮਾਜ਼ ਪੜਨ ਨਾਲ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਅਗਲੇ ਹਫਤੇ ਨਮਾਜ਼ ’ਤੇ ਫੈਸਲਾ ਲੈਣਗੇ ਜੋ ਕਿ ਆਖਿਰੀ ਹੋਵੇਗਾ।
ਕਾਬਿਲੇਗੌਰ ਹੈ ਕਿ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀ ਸਦਰ ਬਾਜ਼ਾਰ ਗੁਰਦੁਆਰਾ ਕਮੇਟੀ (Sadar Bazar Gurdwara Committee) ਨੇ ਮੁਸਲਮਾਨਾਂ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਸਬੰਧੀ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸਿੱਧੂ (Sherdil Singh Sidhu, President of Gurdwara Guru Singh Sabha) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਅਦਾ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਕੋਈ ਵੀ ਇੱਥੇ ਆ ਕੇ ਨਮਾਜ਼ ਅਦਾ ਕਰ ਸਕਦਾ ਹੈ।