ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ, ਅਜੋਕੇ ਇਤਿਹਾਸਕਾਰਾਂ (Historian ਮੁਤਾਬਕ 15 ਅਪ੍ਰੈਲ 1469 ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਕੱਤਕ ਮਹੀਨੇ ਦੀ ਪੁੰਨਿਆ ਵਾਲੇ ਦਿਨ ਹੋਇਆ ਸੀ। ਉਨ੍ਹਾਂ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਕਲਿਆਣ ਜੀ, ਜਿਨ੍ਹਾਂ ਨੂੰ ਮਹਿਤਾ ਕਾਲੂ ਕਿਹਾ ਜਾਂਦਾ ਹੈ, ਦੇ ਘਰ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਪਾਕਿਸਤਾਨ ’ਚ ਰਾਵੀ ਨਦੀ ਦੇ ਕੰਡੇ ਵਸੇ ਪਿੰਡ ਤਲਵੰਡੀ ਵਿਖੇ ਹੋਇਆ ਸੀ। ਉਨ੍ਹਾਂ ਜੇ ਜਨਮ ਦਿਹਾੜੇ ਨੂੰ ਪ੍ਰਕਾਸ਼ ਪੁਰਬ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਬਚਪਨ ਤੋਂ ਹੀ ਇਲਾਹੀ ਰੂਪ ਸੀ
ਸਿੱਖ ਧਰਮ ਦੀਆਂ ਮਾਨਤਾਵਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਇਲਾਹੀ ਰੂਪ ’ਚ ਰਹੇ ਤੇ ਉਨ੍ਹਾਂ ਆਪਣੀ ਭੈਣ ਬੇਬੇ ਨਾਨਕੀ ਤੋਂ ਕਾਫੀ ਕੁਝ ਸਿੱਖਿਆ। ਥੋੜੇ ਵੱਡੇ ਹੋਏ ਤਾਂ ਪਿਤਾ ਨੇ 20 ਰੁਪਏ ਦੇ ਕੇ ਕਾਰੋਬਾਰ ਕਰਨ ਲਈ ਭੇਜ ਦਿੱਤਾ ਪਰ ਉਹ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਪਰਤ ਆਏ ਤੇ ਇਸ ਨੂੰ ਉਨ੍ਹਾਂ ਸੱਚਾ ਸੌਦਾ ਦਾ ਨਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤਾ ਭੋਜਨ ਅੱਜ ਤੱਕ ਸਿੱਖ ਧਰਮ ਦੇ ਲੰਗਰ ਦੇ ਰੂਪ ਵਿੱਚ ਪ੍ਰਫੁੱਲਤ ਹੋਇਆ।
ਸਾਦਾ ਜੀਵਨ ਬਤੀਤ ਕੀਤਾ ਗੁਰੂ ਜੀ ਨੇ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿੱਚ 16 ਸਾਲ ਵਿੱਚ ਹੀ ਲੱਖੋ ਕੀ ਗੁਰਦਾਸਪੁਰ ਵਾਸੀ ਬੀਬੀ ਸੁਲੱਖਣੀ ਨਾਲ ਹੋਇਆ ਤੇ ਦੋ ਬੇਟੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਨੇ ਉਨ੍ਹਾਂ ਦੇ ਘਰੋਂ ਜਨਮ ਲਿਆ। ਬੇਟਿਆਂ ਦੇ ਜਨਮ ਤੋਂ ਬਾਅਦ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਲੰਮੀਆਂ ਤੀਰਥ ਯਾਤਰਾਵਾਂ ’ਤੇ ਨਿਕਲ ਗਏ ਤੇ ਉਨ੍ਹਾਂ ਦੇ ਨਾਲ ਭਾਈ ਮਰਦਾਨਾ, ਲਹਿਣਾ ਜੀ, ਭਾਈ ਬਾਲਾ ਤੇ ਭਾਈ ਰਾਮਦਾਸ ਵੀ ਗਏ ਸੀ। ਸਾਲ 1521 ਤੱਕ ਉਨ੍ਹਾਂ ਯਾਤਰਾਵਾਂ (ਉਦਾਸੀਆਂ) ਕੀਤੀਆਂ ਤੇ ਸਾਰਿਆਂ ਨੂੰ ਸਮਾਜਕ ਕੁਰੀਤੀਆਂ ਵਿਰੁੱਧ ਉਪਦੇਸ਼ ਦਿੱਤਾ ਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੱਡਾ ਸਮਾਜ ਸੁਧਾਰਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ, ਅਫਗਾਨੀਸਤਾਨ ਤੇ ਅਰਬ ਦੀਆਂ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।
ਮੂਰਤੀ ਪੂਜਾ ਦਾ ਖੰਡਨ ਕੀਤਾ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ ’ਤੇ ਮੂਰਤੀ ਪੂਜਾ ਤੇ ਰੂੜੀਵਾਦੀ ਵਿਚਾਰ ਧਾਰਾ ਦੀ ਵਿਰੋਧਤਾ ਕੀਤੀ। ਉਨ੍ਹਾਂ ਮੱਕਾ ਤੇ ਮਦੀਨਾ ਵਿੱਚ ਵੀ ਕੌਤਕ ਵਰਤਾਏ, ਜਿਸ ਨਾਲ ਮੁਸਲਮਾਨ ਧਰਮ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਅੱਜ ਤੱਕ ਮੁਸਲਮਾਨ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਪੂਰੀ ਸ਼ਰਧਾ ਹੈ। ਉਨ੍ਹਾਂ ਆਪਣਾ ਅੰਤਮ ਸਮਾਂ ਪਾਕਿਸਤਾਨ ’ਚ ਮੌਜੂਦ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ਛੱਡ ਗਏ। ਉਨ੍ਹਾਂ ਨੇ ਭਾਈ ਲਹਿਣਾ ਨੂੰ ਗੁਰੂ ਗੱਦੀ ਦਿੱਤੀ, ਜਿਨ੍ਹਾਂ ਨੂੰ ਦੂਜੇ ਗੁਰੂ ਸਾਹਿਬ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।
ਪਾਕਿਸਤਾਨ ’ਚ ਮੌਜੂਦ ਹਨ ਸਬੰਧਤ ਇਤਿਹਾਸਕ ਸਥਾਨ
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਤਿੰਨ ਅਹਿਮ ਇਤਿਹਾਸਕ ਸਥਾਨ ਜਨਮ ਭੂਮੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਤੋਂ ਪਹਿਲਾਂ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰਕੇ ਲਾਂਘਾ ਖੋਲ੍ਹਣ ਵੱਲ ਇਸ਼ਾਰਾ ਕੀਤਾ ਸੀ ਤੇ ਬਾਅਦ ਵਿੱਚ ਦੋਵੇਂ ਦੇਸ਼ਾਂ ਵਿੱਚ ਸਮਝੌਤਾ ਹੋਇਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਤੇ ਉਨ੍ਹਾਂ ਨੂੰ ਪਾਸਪੋਰਟ ਵਿਖਾ ਕੇ ਕਰਤਾਰਪੁਰ ਸਾਹਿਬ ਜਾਣ ਦਿੱਤਾ ਜਾਵੇਗਾ। ਕੋਰੋਨਾ ਕਾਲ ਦੌਰਾਨ ਲਾਂਘਾ ਬੰਦ ਕਰ ਦਿੱਤਾ ਗਿਆ ਤੇ ਹੁਣ ਮੁੜ ਇਸ ਲਾਂਘੇ ਨੂੰ ਖੋਲ੍ਹੱਣ ਬਾਰੇ ਮੰਗ ਉਠ ਰਹੀ ਸੀ ਤੇ ਪੰਜਾਬ ਦੇ ਭਾਜਪਾ ਆਗੂਆਂ ਵੱਲੋਂ ਮੁਲਾਕਾਤ ਕਰਨ ਉਪਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਸੀ ਤੇ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਇਸ ਲਾਂਘੇ ਰਾਹੀਂ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਸ਼ੁਰੂ ਹੋ ਗਈਆਂ ਹਨ। ਸੰਭਾਵਨਾ ਹੈ ਕਿ ਪ੍ਰਕਾਸ਼ ਪੁਰਬ ਮੌਕੇ ਇਸ ਦਿਸ਼ਾ ਵੱਲ ਕੋਈ ਹਾਂ ਪੱਖੀ ਕਦਮ ਪੁੱਟਿਆ ਜਾਵੇਗਾ।
ਗੁਰੂ ਜੀ ਦੀਆਂ ਸਿੱਖਿਆਵਾਂ
ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ: ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਤੇ ਨਾਲ ਹੀ ਕਿਹਾ ਕਿ ਸਾਰਿਆਂ ਨੂੰ ਦੱਸਾਂ ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਹੈ।
ਮੂਰਤੀ ਪੂਜਾ ਦਾ ਖੰਡਨ: ਗੁਰੂ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਹ ਸਿੱਖਿਆ ਵੀ ਦਿੱਤੀ ਕਿ ਮੂਰਤੀ ਪੂਜਾ ਵਿੱਚ ਕੁਝ ਨਹੀਂ ਰੱਖਿਆ, ਕਿਉਂਕਿ ਪ੍ਰਮਾਤਮਾ ਕਣ-ਕਣ ਵਿੱਚ ਵਸਿਆ ਹੋਇਆ ਹੈ ਤੇ ਰੱਬ ਨੂੰ ਮੂਰਤੀ ਵਿੱਚੋਂ ਨਹੀਂ ਸਗੋਂ ਆਪਣੇ ਮਨਾਂ ਵਿੱਚੋਂ ਲੱਭਣ ਦੀ ਲੋੜ ਹੈ।
ਪ੍ਰਮਾਤਮਾ ਇੱਕ ਹੈ: ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਨਾ ਉਹ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਤੇ ਉਹ ਸਿਰਫ ਪ੍ਰਮਾਤਮਾ ਨੂੰ ਮੰਨਦੇ ਹਨ। ਇਸ ਗੱਲ ਤੋਂ ਭਾਵ ਹੈ ਕਿ ਰੱਬ ਇੱਕ ਹੈ ਤੇ ਸਿੱਖ ਧਰਮ ਮੁਤਾਬਕ ਪ੍ਰਮਾਤਮਾ ਕਣ-ਕਣ ਵਿੱਚ ਵਿਰਾਜਮਾਨ ਹੈ, ਉਸ ਦਾ ਕੋਈ ਆਕਾਰ ਨਹੀਂ ਹੈ, ਨਾ ਹੀ ਉਸ ਦਾ ਕੋਈ ਸਮਾਂ ਹੈ ਤੇ ਨਾ ਹੀ ਉਹ ਦਿਸਣ ਯੋਗ ਹੈ।
ਵਿਤਕਰੇ ਤੋਂ ਪਰਹੇਜ: ਗੁਰੂ ਨਾਨਕ ਦੇਵ ਜੀ ਨੇ ਵਿਤਕਰੇ ਤੋਂ ਮਨਾਹੀ ਕੀਤੀ। ਉਨ੍ਹਾਂ ਕਿਹਾ ਕਿ ਸਮਾਜਕ ਵੰਡ ਮਨੁੱਖ ਦੀ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜਾਤ ਉਸ ਦੇ ਕੰਮਕਾਜ ਨਾਲ ਬਣੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੋ ਤੁਸੀਂ ਬੀਜੋਗੇ, ਉਹੀ ਕੱਟੋਗੇ ਤੇ ਕਾਰਜ ਹੀ ਕਿਸੇ ਵਿਅਕਤੀ ਦਾ ਮੁੱਲ ਤੈਅ ਕਰਦਾ ਹੈ।