ਹੈਦਰਾਬਾਦ ਡੈਸਕ: ਬੀਤੇ ਦਿਨ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਦੇਖਣ ਨੂੰ ਮਿਲੀ। ਲੋਕ ਸਭਾ ਦੀ ਕਾਰਵਾਈ ਦੌਰਾਨ ਅਚਾਨਕ ਦੋ ਵਿਅਕਤੀਆਂ ਨੇ ਦਰਸ਼ਕ ਗੈਲਰੀ ਤੋਂ ਚੈਂਬਰ ਅੰਦਰ ਛਾਲ ਮਾਰ ਦਿੱਤੀ। ਉਨ੍ਹਾਂ ਦੇ ਕੋਲ ਸਪ੍ਰੇ ਸੀ ਜਿਸ ਨਾਲ ਸੰਸਦ ਅੰਦਰ ਧੂੰਆ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਕੁਝ ਸੰਸਦ ਮੈਂਬਰਾਂ ਨੇ ਫੜ੍ਹ ਲਿਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 5ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਿਹੜੇ ਦੋ ਨੌਜਵਾਨਾਂ ਨੇ ਅੰਦਰ ਛਾਲ ਮਾਰੀ ਉਨ੍ਹਾਂ ਦੀ ਪਛਾਣ ਸਾਗਰ ਸ਼ਰਮਾ ਅਤੇ ਮਨੋਰੰਜਨ ਵਜੋਂ ਹੋਈ ਹੈ, ਜਦਕਿ ਦੋ ਹੋਰ ਮੁਲਜ਼ਮਾਂ ਨੂੰ ਸਦਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਨਾਂ ਨੀਲਮ ਅਤੇ ਅਮੋਲ ਸ਼ਿੰਦੇ ਹੈ।
ਪੰਨੂ ਦੀ ਐਂਟਰੀ, ਮਾਮਲੇ ਦੀ ਸਾਜਿਸ਼ 'ਤੇ ਚੁੱਪੀ: ਹੁਣ ਇਸ ਮਾਮਲੇ ਵਿੱਚ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀ ਐਂਟਰੀ ਹੋ ਗਈ ਹੈ। ਉਸ ਨੇ ਸੰਸਦ ਘੁਸਪੈਠ ਮਾਮਲੇ 'ਚ ਗ੍ਰਿਫਤਾਰ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਇਕ ਸੰਦੇਸ਼ ਜਾਰੀ ਕੀਤਾ ਹੈ, ਪਰ ਪੰਨੂ ਨੇ ਪੂਰੇ ਘਟਨਾਕ੍ਰਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੰਨੂ ਨੇ ਮੈਸੇਜ ਵਿੱਚ ਕਿਹਾ ਹੈ ਕਿ ਸੰਸਦ ਹਮਲੇ ਦੀ ਬਰਸੀ ਮੌਕੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਚਾਰ ਮਰਦਾਂ ਅਤੇ ਔਰਤਾਂ ਨੂੰ 10 ਲੱਖ ਰੁਪਏ ਦੀ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅਸਲ ਵਿੱਚ ਭਾਰਤੀ ਸੰਸਦ ਦੀ ਨੀਂਹ ਨੂੰ ਝਟਕਾ ਲੱਗਾ ਹੈ। ਸਵੈ-ਰੱਖਿਆ ਲਈ ਹਥਿਆਰਾਂ ਨਾਲ ਲੈਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ, ਉਸ ਨੇ 26 ਜਨਵਰੀ 2024 ਤੋਂ ਭਾਰਤ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਸ਼ੁਰੂ ਕੀਤੀ ਗਈ ਰੈਫਰੈਂਡਮ ਮੁਹਿੰਮ ਨੂੰ ਸ਼ੁਰੂ ਕਰਨ ਦੀ ਇੱਕ ਹੋਰ ਧਮਕੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪੰਨੂ ਨੇ 5 ਦਸੰਬਰ ਨੂੰ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਉਸ ਨੇ 22 ਸਾਲ ਪਹਿਲਾਂ ਅਫਜ਼ਲ ਗੁਰੂ ਵੱਲੋਂ ਭਾਰਤੀ ਸੰਸਦ 'ਤੇ ਕੀਤੇ ਗਏ ਹਮਲੇ ਵਾਂਗ ਹੀ 13 ਦਸੰਬਰ 2023 ਨੂੰ ਹਮਲੇ ਦੀ ਗੱਲ ਕੀਤੀ ਸੀ।