ਨਵੀਂ ਦਿੱਲੀ: ਪੰਜਾਬ ਵਿੱਚ ਰੇਲ ਗੱਡੀਆਂ ਦੀ ਬਹਾਲੀ ਨੂੰ ਲੈ ਕੇ ਕਾਂਗਰਸ ਦੇ ਮੰਤਰੀਆਂ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ। ਇਹ ਬੈਠਕ ਲਗਭਗ ਇੱਕ ਘੰਟਾ ਗ੍ਰਹਿ ਮੰਤਰੀ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ਵਿਖੇ ਚੱਲੀ। ਬੈਠਕ ਤੋਂ ਬਾਅਦ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਟ੍ਰੇਨਾਂ ਨਾ ਚੱਲਣ ਕਾਰਨ ਪੰਜਾਬ ਵਿੱਚ ਕੋਲੇ ਦੀ ਕਮੀ ਹੋ ਗਈ ਹੈ।
ਕੇਂਦਰ ਨਾਲ ਅੱਜ ਸੁਖਾਵੇਂ ਮਾਹੌਲ 'ਚ ਹੋਈ ਗੱਲਬਾਤ, ਛੇਤੀ ਹੀ ਹੱਲ ਦੀ ਉਮੀਦ: ਔਜਲਾ - ਅਮਿਤ ਸ਼ਾਹ
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਬਿਜਲੀ ਸੰਕਟ ਵੱਲ ਵਧਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬੇ ਵਿੱਚ ਜਲਦ ਰੇਲ ਗੱਡੀਆਂ ਚਲਾਉਣ ਦਾ ਭਰੋਸਾ ਦਿੱਤਾ ਹੈ।
ਆਰਥਿਕ ਘਾਟੇ 'ਚ ਪੰਜਾਬ
ਗੁਰਜੀਤ ਸਿੰਘ ਔਜਲਾ ਨੇ ਪੰਜਾਬ ਬਿਜਲੀ ਸੰਕਟ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪੰਜਾਬ 'ਚੋਂ ਜੋ ਕੱਚਾ ਮਾਲ ਬਾਹਰ ਜਾਣਾ ਹੈ ਅਤੇ ਜੋ ਉਦਯੋਗਿਕ ਖੇਤਰ ਦੀ ਸਪਲਾਈ ਹੈ ਉਹ ਵੀ ਰੁਕ ਗਈ ਹੈ, ਜਿਸ ਕਾਰਨ ਪੰਜਾਬ ਨੂੰ ਆਰਥਿਕ ਘਾਟਾ ਵੀ ਸਹਿਣਾ ਪੈ ਰਿਹਾ ਹੈ। ਪੰਜਾਬ ਤੋਂ ਟ੍ਰੇਨਾਂ ਜੰਮੂ-ਕਸ਼ਮੀਰ ਵੀ ਜਾਂਦੀਆਂ ਹਨ ਜਿਸ ਕਾਰਨ ਸਪਲਾਈ ਹੋਣ ਵਾਲਾ ਸਾਮਾਨ ਵੀ ਜਵਾਨਾਂ ਤਕ ਪਹੁੰਚ ਨਹੀਂ ਪਾ ਰਿਹਾ। ਇਹ ਸਾਰੇ ਮੁੱਦੇ ਗ੍ਰਹਿ ਮੰਤਰੀ ਨੂੰ ਦੱਸੇ ਗਏ ਅਤੇ ਉਨ੍ਹਾਂ ਨੇ ਬਹੁਤ ਹੀ ਸਕਾਰਾਤਮਕ ਰੁਖ ਅਪਣਾਉਂਦੇ ਹੋਏ ਭਰੋਸ਼ਾ ਦਿੱਤਾ ਕਿ ਛੇਤੀ ਹੀ ਪੰਜਾਬ ਵਿੱਚ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਜਿਵੇਂ ਹੀ ਰੇਲ ਮੰਤਰਾਲੇ ਟੈਕਨੀਕਲ ਕੰਮ ਪੂਰੇ ਕਰ ਦੇਵੇਗਾ ਰੇਲਾਂ ਸ਼ੁਰੂ ਹੋ ਜਾਣਗੀਆਂ। ਇਸੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਦੀ ਆਪਸ ਵਿੱਚ ਗੱਲਬਾਤ ਹੋਵੇਗੀ।
ਕਿਸਾਨੀ ਅੰਦੋਲਨ ਬਾਰੇ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਇਹ ਧਰਨੇ ਕਾਂਗਰਸ ਨਹੀਂ ਕਰਵਾ ਰਹੀ ਸਗੋਂ ਇਹ ਕਿਸਾਨਾਂ ਦਾ ਦੁੱਖ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਤਕਲੀਫ਼ ਸੁਣਨੀ ਚਾਹੀਦੀ ਹੈ।