ਚੰਡੀਗੜ੍ਹ : ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ (Sri Guru Har Rai Sahib) ਸਿੱਖਾਂ ਦੇ ਸੱਤਵੇਂ ਗੁਰੂ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਹੁਤ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਗੁਰੂ ਹਰਿ ਰਾਏ ਸਾਹਿਬ ਜੀ ਸਰਬਤ ਸੰਗਤ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ, ਗੁਰਬਾਣੀ ਦੇ ਮੁਤਾਬਕ ਜੀਵਨ ਬਣਾਉਣ ਅਤੇ ਧਰਮ ਦੀ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਪ੍ਰੇਰਣਾ ਦਿੰਦੇ ਸਨ।
ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ
ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਗੁਰੂ ਹਰਿ ਰਾਏ ਸਾਹਿਬ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗਦੇ ਸਨ।
ਬਾਲ ਉਮਰੇ ਸ਼ਸਤਰ ਵਿਦਿਆ 'ਚ ਹੋਏ ਨਿਪੁੰਨ
ਜਿਸ ਸਮੇਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਹੋਇਆ, ਉਸ ਸਮੇਂ ਛੇਵੇਂ ਪਾਤਸ਼ਾਹ ਜੀ ਗੁਰਤਾ ਗੱਦੀ ’ਤੇ ਬਿਰਾਜਮਾਨ ਸਨ। ਗੁਰੂ ਜੀ ਨੇ ਆਪਣੇ ਜੀਵਨ ਦੇ ਮੁੱਢਲੇ 14 ਸਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀ ਪੜ੍ਹਾਈ ਲਿਖਾਈ, ਗੁਰਮਤਿ ਵਿੱਦਿਆ, ਸ਼ਸਤਰ ਵਿੱਦਿਆ ਅਤੇ ਘੁੜ ਸਵਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਗੁਰੂ ਜੀ ਬਹੁਤ ਘੱਟ ਉਮਰ 'ਚ ਹੀ ਹਰੇਕ ਪ੍ਰਕਾਰ ਦੀ ਵਿੱਦਿਆ ਵਿੱਚ ਨਿਪੁੰਨ ਹੋ ਚੁੱਕੇ ਸਨ।
ਸ਼ਾਂਤਮਈ ਤੇ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਿ ਰਾਏ ਜੀ
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਬਹੁਤ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਗੁਰੂ ਜੀ ਦੇ ਹਿਰਦੇ ਦੀ ਕੋਮਲਤਾ ਦਾ ਪਤਾ ਬਚਪਨ ਦੇ ਸਮੇਂ ’ਚ ਵਾਪਰੀ ਉਨ੍ਹਾਂ ਦੀ ਇੱਕ ਘਟਨਾ ਤੋਂ ਲੱਗਦਾ ਹੈ। ਇੱਕ ਦਿਨ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਵੇਰ ਸਮੇਂ ਬਾਗ ਵਿੱਚ ਟਹਿਲਣ ਵਾਸਤੇ ਗਏ ਸਨ, ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਿੱਛੇ ਪਿੱਛੇ ਗੁਰੂ ਹਰਿ ਰਾਏ ਸਾਹਿਬ ਜੀ ਵੀ ਆਪਣੇ ਦਾਦਾ ਜੀ ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਨੇ ਖੁੱਲ੍ਹੇ ਆਕਾਰ ਦਾ ਚੋਲਾ ਪਹਿਨਿਆ ਹੋਇਆ ਸੀ, ਤੁਰੇ ਜਾਂਦਿਆਂ ਚੋਲੇ ਨਾਲ ਅਟਕ ਜਾਣ ਕਰਕੇ ਕੁੱਝ ਫੁੱਲ ਟੁੱਟ ਕੇ ਜ਼ਮੀਨ 'ਤੇ ਡਿੱਗ ਗਏ।
ਜਦੋਂ ਗੁਰੂ ਜੀ ਨੇ ਉਨ੍ਹਾਂ ਫੁੱਲਾਂ ਨੂੰ ਟੁੱਟਾ ਹੋਇਆ ਵੇਖਿਆ ਤਾਂ ਗੁਰੂ ਜੀ ਉੱਥੇ ਹੀ ਬੈਠ ਗਏ ਅਤੇ ਉਨ੍ਹਾਂ ਨੂੰ ਬੇਹਦ ਅਫ਼ਸੋਸ ਹੋ ਰਿਹਾ ਸੀ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, "ਬੇਟਾ ਜੇਕਰ ਚੋਲਾ ਖੁੱਲ੍ਹਾ ਪਹਿਨਿਆ ਹੋਵੇ ਤਾਂ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ।" ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਦੇ ਵਿੱਚ ਬੜੀ ਗਹਿਰਾਈ ਸੀ, ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਜੇਕਰ ਪਰਮਾਤਮਾ ਕਿਸੇ ਨੂੰ ਉੱਚੀ ਪਦਵੀ ਦੇ ਦੇਵੇ ਤਾਂ ਉਸ ਇਨਸਾਨ ਨੂੰ ਸਮਝਦਾਰੀ ਨਾਲ ਸੰਸਾਰ ਵਿੱਚ ਤੁਰਨਾ ਚਾਹੀਦਾ ਹੈ, ਕਿ ਕਿਤੇ ਮੇਰੇ ਕਾਰਨ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਵੇ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਦਾਦਾ ਜੀ ਦੇ ਕਹੇ ਇਨ੍ਹਾਂ ਬਚਨਾਂ 'ਤੇ ਸਾਰੀ ਜ਼ਿੰਦਗੀ ਅਮਲ ਕੀਤਾ।
ਗੁਰੂ ਹਰਿ ਰਾਏ ਜੀ ਦਾ ਵਿਆਹ
ਗੁਰੂ ਹਰਿ ਰਾਏ ਜੀ ਦਾ ਵਿਆਹ 1640 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ (ਸੁਲੱਖਣੀ ਜੀ) ਨਾਲ ਹੋਇਆ। ਗੁਰੂ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਸਨ ਅਤੇ ਛੋਟੇ ਪੁੱਤਰ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸਨ ।