ਗੁਜਰਾਤ:ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤ ਕੇ ਨੀਰਜ ਚੋਪੜਾ ਦੇਸ਼ ਦੀਆਂ ਅੱਖਾਂ ਦਾ ਤਾਰਾ ਬਣ ਗਏ ਹਨ। ਉਨ੍ਹਾਂ ਦੀ ਮਿਹਨਤ ਦਾ ਫਲ ਤਾਂ ਉਨ੍ਹਾਂ ਨੂੰ ਮਿਲਣਾ ਹੀ ਸੀ,ਪਰ ਗੁਜਰਾਤ 'ਚ ਉਨ੍ਹਾਂ ਦੇ ਹਮ ਨਾਵਾਂ ਦੀ ਵੀ ਬੱਲੇ-ਬੱਲੇ ਹੋ ਗਈ ਹੈ। ਨੀਰਜ ਨਾਂ ਵਾਲਿਆਂ ਨੂੰ ਰੋਪਵੇ 'ਚ ਸਫਰ ਤੇ ਹੇਅਰ ਕਟਿੰਗ ਤੋਂ ਲੈ ਕੇ ਪੈਟਰੋਲ ਤੱਕ ਮੁਫ਼ਤ ਮਿਲ ਰਿਹਾ ਹੈ। ਲੰਬੇ ਇੰਤਜ਼ਾਰ ਦੇ ਬਾਅਦ ਓਲੰਪਿਕ 'ਚ ਜੈਵਲਿਨ ਥ੍ਰੋ 'ਚ ਜਦੋਂ ਨੀਰਜ ਚੋਪੜਾ ਨੇ ਗੋਲਡ ਮੈਡਲ 'ਤੇ ਨਿਸ਼ਾਨਾ ਬਿੰਨ੍ਹਿਆਂ ਤਾਂ ਦੁਨੀਆ ਭਰ 'ਚ ਵਸੇ ਭਾਰਤੀਆਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ।
ਕੇਂਦਰ ਤੇ ਸੂਬਾ ਸਰਕਾਰਾਂ, ਖੇਡ ਸੰਗਠਨ ਆਦਿ ਨੇ ਓਲੰਪਿਕ ਜੇਤੂਆਂ ਲਈ ਖਜ਼ਾਨੇ ਖੋਲ੍ਹ ਦਿੱਤੇ ਹਨ। ਜੂਨਾਗੜ੍ਹ ਦੇ ਗਿਰਨਾਰ ਰੋਪਵੇ 'ਚ ਨੀਰਜ ਨਾਂ ਵਾਲੇ ਮੁਫ਼ਤ ਸਵਾਰੀ ਕਰ ਸਕਣਗੇ। ਇਸਦੀ ਮਾਲਿਕ ਊਸ਼ਾ ਬ੍ਰੇਕੋ ਕੰਪਨੀ ਦੇ ਮੁਤਾਬਕ, 20 ਅਗਸਤ ਤੱਕ ਨੀਰਜ ਨਾਂ ਦਾ ਕੋਈ ਵੀ ਵਿਅਕਤੀ ਆਪਣਾ ਪਛਾਣ ਪੱਤਰ ਲੈ ਕੇ ਗਿਰਨਾਰ ਰੋਪਵੇ ਦੀ ਮੁਫ਼ਤ ਸਵਾਰੀ ਕਰ ਸਕਦਾ ਹੈ।