ਚੰਡੀਗੜ੍ਹ:ਜੀਐਸਟੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ ਖਤਮ ਹੋ ਗਈ ਹੈ। ਕਰੀਬ ਛੇ ਮਹੀਨਿਆਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਦੇ ਪਹਿਲੇ ਦਿਨ ਜਿੱਥੇ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ, ਉੱਥੇ ਹੀ ਆਖਰੀ ਦਿਨ ਰਾਜਾਂ ਨੂੰ ਜੀਐੱਸਟੀ ਮੁਆਵਜ਼ਾ ਵਧਾਉਣ ਦੇ ਪ੍ਰਸਤਾਵ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ।
ਜੀਐਸਟੀ ਕੌਂਸਲ ਨੇ ਕੁਝ ਵਸਤਾਂ 'ਤੇ ਛੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਜਦਕਿ ਕੁਝ ਹੋਰ 'ਤੇ ਦਰਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੁਣ ਪੈਕ ਕੀਤੇ ਅਤੇ ਲੇਬਲ ਵਾਲੇ ਕਣਕ ਦੇ ਆਟੇ, ਪਾਪੜ, ਪਨੀਰ, ਦਹੀਂ ਅਤੇ ਮੱਖਣ 'ਤੇ ਪੰਜ ਫੀਸਦੀ ਟੈਕਸ ਲਗਾਇਆ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਥੇ ਵਸਤੂ ਅਤੇ ਸੇਵਾ ਕਰ (ਜੀਐਸਟੀ) ਕੌਂਸਲ ਦੀ ਦੋ ਦਿਨਾਂ ਮੀਟਿੰਗ ਵਿੱਚ ਵੱਖ-ਵੱਖ ਸਮੂਹਾਂ ਦੀਆਂ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਦਿੱਤੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਕਾਰਨ ਟੈਕਸ ਦਰਾਂ 'ਚ ਬਦਲਾਅ ਕੀਤਾ ਗਿਆ ਹੈ। ਟੈਕਸ ਦਰਾਂ ਵਿੱਚ ਬਦਲਾਅ 18 ਜੁਲਾਈ ਤੋਂ ਲਾਗੂ ਹੋਣਗੇ। ਹਾਲਾਂਕਿ, ਕੌਂਸਲ ਨੇ ਕੈਸੀਨੋ, ਔਨਲਾਈਨ ਗੇਮਿੰਗ ਅਤੇ ਘੋੜ ਦੌੜ ਬਾਰੇ ਰਿਪੋਰਟ ਮੁੜ ਵਿਚਾਰ ਲਈ ਮੰਤਰੀ ਸਮੂਹ (ਜੀਓਐਮ) ਨੂੰ ਭੇਜ ਦਿੱਤੀ ਹੈ।
ਗੋਆ ਦੇ ਵਿੱਤ ਮੰਤਰੀ ਕੈਸੀਨੋ 'ਤੇ ਜੀਐਸਟੀ ਦਰ ਬਾਰੇ ਹੋਰ ਚਰਚਾ ਚਾਹੁੰਦੇ ਹਨ। ਅਜਿਹੇ 'ਚ 'ਆਨਲਾਈਨ ਗੇਮਿੰਗ' ਅਤੇ ਘੋੜ ਦੌੜ 'ਤੇ ਵੀ ਮੁੜ ਵਿਚਾਰ ਕੀਤਾ ਜਾਵੇਗਾ। ਮੰਤਰੀ ਸਮੂਹ ਨੇ ਤਿੰਨਾਂ 'ਤੇ 28 ਫੀਸਦੀ ਜੀਐਸਟੀ ਲਗਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਸਬੰਧੀ ਰਿਪੋਰਟ 15 ਜੁਲਾਈ ਤੱਕ ਤਿਆਰ ਹੋਣ ਦੀ ਉਮੀਦ ਹੈ ਅਤੇ ਅਗਸਤ ਵਿੱਚ ਅਗਲੀ ਕੌਂਸਲ ਦੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਛੋਟ ਨੂੰ ਖਤਮ ਕਰਨ ਦਾ ਮਤਲਬ ਹੈ ਕਿ ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮਖਾਨਾ, ਸੁੱਕਾ ਸੋਇਆਬੀਨ, ਮਟਰ, ਕਣਕ ਅਤੇ ਹੋਰ ਅਨਾਜ ਅਤੇ ਪਫਡ ਚਾਵਲ ਵਰਗੇ ਉਤਪਾਦਾਂ 'ਤੇ ਹੁਣ ਪੰਜ ਫੀਸਦੀ ਜੀਐੱਸਟੀ ਲੱਗੇਗਾ।
ਇਸੇ ਤਰ੍ਹਾਂ, ਟੈਟਰਾ ਪੈਕ ਅਤੇ ਬੈਂਕ ਦੁਆਰਾ ਜਾਰੀ ਕੀਤੇ ਗਏ ਚੈੱਕਾਂ 'ਤੇ 18 ਫੀਸਦ ਜੀਐਸਟੀ ਅਤੇ ਐਟਲਸ ਸਮੇਤ ਨਕਸ਼ਿਆਂ ਅਤੇ ਚਾਰਟ 'ਤੇ 12 ਫੀਸਦ ਜੀਐਸਟੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਖੁੱਲ੍ਹੇ 'ਚ ਵੇਚੇ ਜਾਣ ਵਾਲੇ ਗੈਰ-ਬ੍ਰਾਂਡ ਵਾਲੇ ਉਤਪਾਦਾਂ 'ਤੇ ਜੀਐਸਟੀ ਛੋਟ ਜਾਰੀ ਰਹੇਗੀ। ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ 'ਤੇ 12 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ। ਫਿਲਹਾਲ ਇਸ 'ਤੇ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ, ਹਸਪਤਾਲ ਵਿੱਚ 5,000 ਰੁਪਏ ਤੋਂ ਵੱਧ ਦੇ ਮਰੀਜ਼ਾਂ ਲਈ ਕਿਰਾਏ 'ਤੇ ਦਿੱਤੇ ਕਮਰਿਆਂ (ਆਈਸੀਯੂ ਨੂੰ ਛੱਡ ਕੇ) 'ਤੇ 5 ਫੀਸਦ ਜੀਐਸਟੀ ਲਗਾਇਆ ਜਾਵੇਗਾ।