ਸ਼੍ਰੀਨਗਰ:ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕੈਂਪ ਦੇ ਬਾਹਰ ਗ੍ਰਨੇਡ ਸੁੱਟੇ ਜਾਣ ਦੀ ਖਬਰ ਸਾਹਮਣੇ ਆਈ ਹੈ। ਸੀਆਰਪੀਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਤਵਾਦੀਆਂ ਨੇ ਵੀਰਵਾਰ ਦੇਰ ਸ਼ਾਮ ਸ਼੍ਰੀਨਗਰ ਦੇ ਸਫਾਕਦਲ ਵਿੱਚ ਸੀਆਰਪੀਐਫ ਕੈਂਪ ਦੇ ਬਾਹਰ ਗ੍ਰਨੇਡ ਸੁੱਟਿਆ।
ਫਿਲਹਾਲ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਰੀਪੋਰਾ ਈਦਗਾਹ ਇਲਾਕੇ ਵਿੱਚ ਸੀਆਰਪੀਐਫ ਦੀ 161 ਬਟਾਲੀਅਨ ਉੱਤੇ ਗ੍ਰਨੇਡ ਸੁੱਟਿਆ। ਖੁਸ਼ਕਿਸਮਤੀ ਨਾਲ, ਗ੍ਰਨੇਡ ਬੰਕਰ ਤੋਂ ਕੁਝ ਦੂਰੀ 'ਤੇ ਫਟ ਗਿਆ ਜਿਸ ਨਾਲ ਕੁਝ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ।
ਸੀਆਰਪੀਐਫ ਦੇ ਪੀਆਰਓ ਅਭਿਰਾਮ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪੁਸ਼ਟੀ ਕੀਤੀ ਕਿ ਕੁਝ ਅਣਪਛਾਤੇ ਅੱਤਵਾਦੀਆਂ ਨੇ ਸੀਆਰਪੀਐਫ 161 ਬੀਐਨ ਦੇ ਬੰਕਰ ਵੱਲ ਗ੍ਰਨੇਡ ਸੁੱਟਿਆ ਅਤੇ ਗਨੀਮਤ ਰਹੀ ਕਿ ਇਹ ਸੀਆਰਪੀਐਫ ਕੈਂਪ ਤੋਂ ਕੁਝ ਦੂਰੀ 'ਤੇ ਫਟ ਗਿਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਜਾਰੀ ਹੈ।
ਵੀਰਵਾਰ ਸਵੇਰੇ ਅੱਤਵਾਦੀਆਂ ਨੇ ਸ਼੍ਰੀਨਗਰ ਵਿੱਚ ਇੱਕ ਕਾਇਰਾਨਾ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। 2021 ਵਿੱਚ, ਅੱਤਵਾਦੀਆਂ ਨੇ ਕੁੱਲ 28 ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। 28 ਵਿਅਕਤੀਆਂ ਵਿੱਚੋਂ ਪੰਜ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਨ।