ਚੰਡੀਗੜ੍ਹ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 1675 ‘ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਪਵਿੱਤਰ ਦਿਹਾੜੇ ਮੌਕੇ ਸਮੂਹ ਸੰਗਤ ਨੂੰ ਈਟੀਵੀ ਭਾਰਤ ਵੱਲੋਂ ਲੱਖ-ਲੱਖ ਵਧਾਈਆਂ।
ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।।
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਜਨਮ
ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ।
ਸ਼ਸਤਰ ਵਿੱਦਿਆ ਦੇ ਵੀ ਧਨੀ
ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਸੰਸਕ੍ਰਿਤ ਦੇ ਨਾਲ-ਨਾਲ ਫ਼ਾਰਸੀ ਦੀ ਵੀ ਪੜ੍ਹਾਈ ਕੀਤੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ।
ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਈ ਭੀਖਣ ਸ਼ਾਹ ਨੇ ਉਸ ਦਿਨ ਚੜ੍ਹਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਉਹ ਇਹ ਜਾਣਨ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਦੇ ਵਾਲੀ ਹਨ ਤਾਂ ਉਹ ਆਪਣੇ ਨਾਲ ਗੁਰੂ ਗੋਬਿੰਦ ਦੇ ਦਰਸ਼ਨਾਂ ਲਈ 2 ਦੁੱਧ ਦੇ ਕੌਲੇ ਲੈ ਗਏ ਅਤੇ ਗੁਰੂ ਸਾਹਿਬ ਅੱਗੇ ਕਰ ਕੇ ਪੁੱਛਿਆ ਕਿ ਤੁਸੀਂ ਕਿਸ ਧਰਮ ਦੇ ਪੈਗੰਬਰ ਹੋ ਤਾਂ ਬਾਲ ਗੋਬਿੰਦ ਜੀ ਨੇ ਦੋਹਾਂ ਕੌਲਿਆਂ ਉੱਤੇ ਹੱਥ ਰੱਖ ਦਿੱਤਾ। ਇਸ ਤੋਂ ਭੀਖਣ ਸ਼ਾਹ ਸਮਝ ਗਏ ਕਿ ਇਹ ਕੋਈ ਆਮ ਅਵਤਾਰ ਨਹੀਂ ਹਨ।
ਸ਼ਸਤਰ ਵਿੱਦਿਆ ਦੇ ਨਾਲ-ਨਾਲ ਗੁਰੂ ਸਾਹਿਬ ਜੀ ਘੋੜ ਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿੱਚ ਫ਼ਤਿਹ ਕੀਤੀ।
ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੂਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ।
ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਭੰਗਾਣੀ ਦੀ ਜੰਗ 19 ਸਾਲ ਦੀ ਉਮਰ ਵਿੱਚ ਹਿੰਦੂ ਰਾਜੇ ਭੀਮ ਚੰਦ ਅਤੇ ਮੁਗਲ ਸਮਰਾਟ ਫ਼ਤਿਹ ਖ਼ਾਨ ਅਤੇ ਹੋਰ ਪਹਾੜੀਆਂ ਰਾਜਿਆਂ ਵਿਰੁੱਧ ਲੜੀ ਅਤੇ ਉਸ ਜੰਗ ਵਿੱਚ ਫ਼ਤਿਹ ਪ੍ਰਾਪਤ ਕੀਤੀ। ਬੱਸ ਇਸ ਤੋਂ ਉਨ੍ਹਾਂ ਦੀ ਜੰਗਾਂ ਦਾ ਅਤੇ ਫ਼ਤਿਹ ਦਾ ਸਿਲਸਿਲਾ ਜਾਰੀ ਹੀ ਰਿਹਾ ਜਿਸ ਤੋਂ ਸਾਰਾ ਜੱਗ ਜਾਣੂ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 1675 ‘ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਦੀ ਸੀ, ਇੰਨ੍ਹੀ ਛੋਟੀ ਉਮਰ ‘ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਉਹਨਾਂ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ।
ਖ਼ਾਲਸਾ ਪੰਥ ਦੀ ਸਥਾਪਨਾ
13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਧਰਮ ਦੇ ਫ਼ਰਕ ਨੂੰ ਦੂਰ ਕਰਦਿਆਂ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ।
ਇੱਕ ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਉਹ ਕਲਮ ਦੇ ਵੀ ਧਨੀ ਸਨ। ਉਨ੍ਹਾਂ ਨੇ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਨ੍ਹਾਂ ਨੂੰ ਸੰਸਕ੍ਰਿਤ, ਬ੍ਰਜ, ਉਰਦੂ, ਹਿੰਦੀ, ਗੁਰਮੁੱਖੀ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਗਿਆਨ ਸੀ।
ਜਦੋਂ ਧੀਰ-ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹ ਜ਼ੁਬਾਨੀ ਆਦਿ ਗ੍ਰੰਥ ਸਾਹਿਬ ਜਾ ਉਤਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ। ਇਸਤੋਂ ਇਲਾਵਾ ਗੁਰੂ ਸਾਹਿਬ ਜੀ ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਭ ਤੋਂ ਉੱਤਮ ਜ਼ਫ਼ਰਨਾਮਾ ਜੋ ਕਿ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਦੀ ਰਚਨਾ ਕੀਤੀ।
ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਛੋਟੀ ਹੀ ਰਹੀ, ਪਰ ਉਨ੍ਹਾਂ ਦੀ ਜਿੰਦਗੀ ਘਟਨਾਵਾਂ ਭਰਪੂਰ ਹੈ। ਮਜ਼ਲੂਮਾਂ ਅਤੇ ਗ਼ਰੀਬਾਂ ਦੀ ਰੱਖਿਆ ਲਈ ਮੁਗ਼ਲ ਸਾਮਰਾਜ ਦਾ ਖ਼ਾਤਮਾ ਜ਼ਰੂਰੀ ਸੀ। ਮੁਗਲ ਸਾਮਰਾਜ ਦੇ ਖ਼ਾਤਮੇ ਲਈ ਗੁਰੂ ਸਾਹਿਬ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਵਾਏ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਇਸਤੋਂ ਬਾਅਦ ਗੁਰੂ ਸਾਹਿਬ ਜੀ ਮੁਗਲਾਂ ਨਾਲ-ਨਾਲ ਲੜਦੇ-ਲੜਦੇ ਮਹਾਂਰਾਸ਼ਟਰ ਦੇ ਨਾਂਦੇੜ ਵੱਲ ਕੂਚ ਕਰ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹਜ਼ੂਰ ਸਾਹਿਬ ਸਥਿਤ ਹੈ। ਇਸੇ ਸਫ਼ਰ ਦੌਰਾਨ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨਾਂਅ ਦੇ ਸਾਧ ਨੂੰ ਗੁਰੂ ਕਾ ਖਾਲਸਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਦੇ ਕੇ ਪੰਜਾਬ ਵੱਲ ਨੂੰ ਮੁਗਲਾਂ ਦਾ ਖ਼ਾਤਮਾ ਕਰਨ ਲਈ ਤੋਰਿਆ। ਹਜ਼ੂਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਅਤੇ 7 ਦਸੰਬਰ 1708 ਨੂੰ ਜੋਤੀ ਜੋਤ ਸਮਾ ਗਏ।