ਚੰਡੀਗੜ੍ਹ : ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ 'ਤੇ ਇਕ ਅੰਤਰਰਾਸ਼ਟਰੀ ਉਡਾਣ ਦੇ ਟਾਇਲਟ 'ਚੋਂ ਕਰੀਬ 75 ਲੱਖ ਰੁਪਏ ਦੀਆਂ ਤਿੰਨ ਸੋਨੇ ਦੀਆਂ ਟੁੱਕੜੀਆਂ ਬਰਾਮਦ ਹੋਈਆਂ ਹਨ। ਕਸਟਮ ਅਧਿਕਾਰੀ ਨੇ ਦੱਸਿਆ ਕਿ ਪੈਕਿੰਗ ਸਮੱਗਰੀ ਸਮੇਤ ਸੋਨੇ ਨੂੰ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਜ਼ਬਤ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਨਪੁੱਟ ਦੇ ਆਧਾਰ 'ਤੇ ਲਈ ਤਲਾਸ਼ੀ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ, "ਆਈਜੀਆਈ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਦੁਆਰਾ ਪ੍ਰਾਪਤ ਜਾਣਕਾਰੀ ਦੇ ਅਧਾਰ 'ਤੇ, 17 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਆਈਜੀਆਈ ਦੇ ਟਰਮੀਨਲ 3 'ਤੇ ਅੰਤਰਰਾਸ਼ਟਰੀ ਉਡਾਣਾਂ ਲਈ ਵਰਤੇ ਜਾਣ ਵਾਲੇ ਇੱਕ ਜਹਾਜ਼ ਦੀ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਫਲਾਇਟ ਦੇ ਸਟਾਰਬੋਰਡ ਵਾਲੇ ਪਾਸੇ ਲੈਵੇਟਰੀ ਦੇ ਉਪਰਲੇ ਪੈਨਲ 'ਤੇ ਟੇਪ ਨਾਲ ਚਿਪਕੀਆਂ ਦੋ ਵਸਤੂਆਂ ਮਿਲੀਆਂ।'' ਜਦੋਂ ਇਸ ਨੂੰ ਖੋਲ੍ਹ ਕੇ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿਚੋਂ 3 ਸੋਨੇ ਦੀਆਂ ਟੁੱਕੜੀਆਂ ਬਰਾਮਦ ਹੋਈਆਂ।
ਬਰਾਮਦ ਹੋਏ ਸੋਨੇ ਦਾ ਵਜ਼ਨ 1400 ਗ੍ਰਾਮ :ਜਾਣਕਾਰੀ ਦਿੰਦਿਆਂ ਕਸਟਮ ਅਧਿਕਾਰੀਆਂ ਨੇ ਕਿਹਾ ਹੈ ਕਿ ਬਰਾਮਦ ਹੋਏ ਸੋਨੇ ਦੀਆਂ ਟੁੱਕੜੀਆਂ ਦਾ ਵਜ਼ਨ 1400 ਗ੍ਰਾਮ ਦੇ ਕਰੀਬ ਹੈ। ਇਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 75 ਲੱਖ ਰੁਪਏ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਵਿਅਕਤੀ ਦੀ ਨਾ ਹੀ ਕੋਈ ਗ੍ਰਿਫ਼ਤਾਰੀ ਸਾਹਮਣੇ ਆਈ ਹੈ ਤੇ ਨਾ ਹੀ ਕਿਸੇ ਵਿਅਕਤੀ ਉਤੇ ਸ਼ੱਕ ਜ਼ਾਹਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਧਾਰਾ 110 ਦੇ ਤਹਿਤ ਸੋਨਾ ਜ਼ਬਤ ਕਰ ਕਰ ਲਿਆ ਹੈ।
ਇਹ ਵੀ ਪੜ੍ਹੋ :Banned Outdoor Events : ਮਹਾਰਾਸ਼ਟਰ 'ਚ ਦੁਪਹਿਰ ਦੇ ਸਮੇਂ ਬਾਹਰੀ ਸਮਾਗਮ 'ਤੇ ਰੋਕ
ਕੁਝ ਦਿਨ ਪਹਿਲਾਂ ਵੀ ਜਾਹਾਜ਼ ਦੇ ਟਾਇਲਟ ਵਿਚੋਂ ਬਰਾਮਦ ਹੋਇਆ ਸੀ ਸੋਨਾ : ਦੱਸ ਦਈਏ ਕਿ ਬੀਤੀ 5 ਮਾਰਚ ਨੂੰ ਵੀ ਦਿੱਲੀ ਏਅਰਪੋਰਟ ਦੇ ਟਰਮੀਨਲ-2 'ਤੇ ਜਹਾਜ਼ ਦੇ ਟਾਇਲਟ 'ਚੋਂ ਕਰੀਬ ਦੋ ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਸੀ। ਹਵਾਈ ਅੱਡੇ 'ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਸੀ ਕਿ ਅੰਤਰਰਾਸ਼ਟਰੀ ਉਡਾਣ ਦੇ ਟਾਇਲਟ 'ਚੋਂ 4 ਸੋਨੇ ਦੇ ਬਿਸਕੁਟ ਮਿਲੇ ਸਨ, ਜਿਨ੍ਹਾਂ ਦੀ ਕੀਮਤ ਕਰੀਬ ਦੋ ਕਰੋੜ ਰੁਪਏ ਦੱਸੀ ਗਈ ਹੈ। ਬਰਾਮਦ ਕੀਤਾ ਗਿਆ ਸੋਨਾ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਅੰਤਰਰਾਸ਼ਟਰੀ ਰੂਟ 'ਤੇ ਚੱਲਦਾ ਹੈ। ਫਲਾਈਟ ਨੇ ਵਿਦੇਸ਼ ਯਾਤਰਾ ਤੋਂ ਪਰਤਣ ਤੋਂ ਬਾਅਦ ਘਰੇਲੂ ਉਡਾਣ ਵੀ ਭਰੀ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਕਰੀਬ 10 ਵਜੇ ਜਹਾਜ਼ ਆਈਜੀਆਈ ਟਰਮੀਨਲ-2 'ਤੇ ਪਹੁੰਚਿਆ।