ਆਗਰਾ/ਉੱਤਰ ਪ੍ਰਦੇਸ਼ :ਮੰਗਲਵਾਰ ਨੂੰ ਤਾਜਨਗਰੀ 'ਚ ਚੱਲਦੀ ਅਵਧ ਐਕਸਪ੍ਰੈੱਸ 'ਚ ਚਾਰ ਸਾਲ ਦੀ ਬੱਚੀ ਦੀ ਲੱਤ ਟਾਇਲਟ ਦੇ ਕਮੋਡ ਵਿੱਚ ਫਸ ਗਈ। ਬੱਚੀ ਨੇ ਰੌਲਾ ਪਾਇਆ ਤਾਂ ਮਾਂ ਨੇ ਉਸ ਦੀ ਲੱਤ ਬਾਹਰ ਕੱਢਣੀ ਸ਼ੁਰੂ ਕਰ ਦਿੱਤੀ। ਹੰਗਾਮਾ ਸੁਣ ਕੇ ਹੋਰ ਯਾਤਰੀ ਵੀ ਇਕੱਠੇ ਹੋ ਗਏ। ਸਾਰਿਆਂ ਨੇ ਬੱਚੀ ਦੀ ਲੱਤ ਕੱਢਣੀ ਸ਼ੁਰੂ ਕਰ ਦਿੱਤੀ। ਤੁਰੰਤ ਰੇਲਵੇ ਹੈਲਪਲਾਈਨ 'ਤੇ ਕਾਲ ਕੀਤੀ। ਇਸ ਦੌਰਾਨ ਟਰੇਨ ਨੇ ਕਰੀਬ 20 ਕਿਲੋਮੀਟਰ ਦਾ ਸਫਰ ਤੈਅ ਕੀਤਾ। ਅਵਧ ਐਕਸਪ੍ਰੈਸ ਫਤਿਹਪੁਰ ਸੀਕਰੀ ਸਟੇਸ਼ਨ ਪਹੁੰਚੀ। ਇੱਥੇ ਟਾਇਲਟ ਬਾਕਸ ਖੋਲ੍ਹ ਕੇ ਬੱਚੀ ਦੀ ਲੱਤ ਕੱਢੀ ਗਈ।
ਪਰਿਵਾਰ ਟ੍ਰੇਨ ਰਾਹੀ ਕਰ ਰਿਹਾ ਸੀ ਸਫ਼ਰ: ਜਾਣਕਾਰੀ ਮੁਤਾਬਕ ਬਿਹਾਰ ਦੇ ਸੀਤਾਮੜੀ ਦਾ ਰਹਿਣ ਵਾਲਾ ਮੁਹੰਮਦ ਅਲੀ ਆਪਣੀ ਪਤਨੀ ਅਤੇ 4 ਸਾਲ ਦੀ ਬੇਟੀ ਨਾਲ ਬਰੌਨੀ ਬਾਂਦਰਾ ਅਵਧ ਐਕਸਪ੍ਰੈੱਸ ਦੇ ਏਸੀ ਕੋਚ ਬੀ6 'ਚ ਸਫਰ ਕਰ ਰਿਹਾ ਸੀ। 15 ਅਗਸਤ ਨੂੰ ਟ੍ਰੇਨ ਸਵੇਰੇ ਆਗਰਾ ਫੋਰਟ ਸਟੇਸ਼ਨ ਤੋਂ ਰਵਾਨਾ ਹੋਈ ਸੀ। ਜਿਵੇਂ ਹੀ ਟਰੇਨ ਈਦਗਾਹ ਸਟੇਸ਼ਨ ਤੋਂ ਰਵਾਨਾ ਹੋਈ, ਬੱਚੀ ਨੇ ਟਾਇਲਟ ਜਾਣ ਲਈ ਕਿਹਾ ਤਾਂ ਇਸ 'ਤੇ ਮਾਂ ਉਸ ਨੂੰ ਟਾਇਲਟ ਲੈ ਗਈ।
ਮਾਂ ਦਾ ਧਿਆਨ ਹੱਟਿਆ, ਤਾਂ ਹੋ ਗਈ ਘਟਨਾ:ਮਾਂ ਨੇ ਬੱਚੀ ਨੂੰ ਕਮੋਡ 'ਤੇ ਬਿਠਾ ਦਿੱਤਾ। ਇਸੇ ਦੌਰਾਨ ਉਸ ਦੇ ਮੋਬਾਈਲ 'ਤੇ ਕਾਲ ਆਈ। ਉਸਨੇ ਕਾਲ ਰਿਸੀਵ ਕੀਤੀ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਅਵਧ ਐਕਸਪ੍ਰੈਸ ਆਪਣੀ ਰਫਤਾਰ ਨਾਲ ਚੱਲ ਰਹੀ ਸੀ। ਇਸ ਕਾਰਨ ਰੇਲਗੱਡੀ ਹਿੱਲ ਰਹੀ ਸੀ। ਇਸ ਦੌਰਾਨ ਬੱਚੀ ਦੀ ਲੱਤ ਕਮੋਡ ਵਿੱਚ ਫਸ ਗਈ। ਬੱਚੀ ਰੋਣ ਲੱਗੀ ਤਾਂ ਮਾਂ ਦਾ ਧਿਆਨ ਗਿਆ।