ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ 'ਤੇ ਇਕ ਲੜਕੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸ ਦੀ ਜਾਨ ਬਚਾਈ। ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਫਰੈਕਚਰ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਸੁਣਨ ਅਤੇ ਬੋਲਣ ਤੋਂ ਅਸਮਰਥ ਹੈ। ਉਸ ਦੇ ਮਾਤਾ-ਪਿਤਾ ਵੀ ਬੋਲੇ ਅਤੇ ਗੂੰਗੇ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ।
ਦਰਅਸਲ, ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ 'ਤੇ ਸਵੇਰੇ ਕਰੀਬ 7:28 ਵਜੇ ਸੀਆਈਐਸਐਫ ਦੇ ਜਵਾਨਾਂ ਨੇ ਇੱਕ ਲੜਕੀ ਨੂੰ ਮੈਟਰੋ ਸਟੇਸ਼ਨ ਦੀ ਕੰਧ 'ਤੇ ਖੜ੍ਹੀ ਦੇਖਿਆ। ਬੱਚੀ ਨੂੰ ਕੰਧ 'ਤੇ ਖੜ੍ਹੀ ਦੇਖ ਕੇ ਸੀਆਈਐੱਸਐੱਫ ਦੇ ਜਵਾਨਾਂ 'ਚ ਹੜਕੰਪ ਮੱਚ ਗਿਆ। ਤੁਰੰਤ ਲੜਕੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੀਆਈਐਸਐਫ ਦੇ ਕੁਝ ਮੁਲਾਜ਼ਮ ਕੰਧ ਹੇਠਾਂ ਕੰਬਲ ਵਿਛਾ ਕੇ ਖੜ੍ਹੇ ਹੋ ਗਏ ਤਾਂ ਜੋ ਲੜਕੀ ਛਾਲ ਮਾਰਦੀ ਤਾਂ ਉਸ ਨੂੰ ਬਚਾਇਆ ਜਾ ਸਕੇ ਅਤੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਐਂਬੂਲੈਂਸ ਵੀ ਬੁਲਾਈ ਗਈ।