ਜਾਮਨਗਰ: ਗੁਜਰਾਤ ਦੇ ਜ਼ਿਲ੍ਹਾ ਜਾਮਨਗਰ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲਾਂ ਦੀ ਮਾਸੂਮ ਬੱਚੀ ਜ਼ਿੰਦਗੀ ਦੀ ਜੰਗ ਹਾਰ ਗਈ ਹੈ। 21 ਘੰਟੇ ਦੀ ਕਰੜੀ ਮੁਸ਼ੱਕਤ ਦੇ ਬਾਵਜੂਦ ਲੜਕੀ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਐਨਡੀਆਰਐਫ ਦੀ ਟੀਮ ਦੇ ਨਾਲ ਬੱਚੀ ਨੂੰ ਬਚਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰ ਕਾਰਵਾਈ ਉਮੀਦ ਮੁਤਾਬਕ ਸਿਰੇ ਨਹੀਂ ਚੜ੍ਹ ਸਕੀ। ਬਾਅਦ ਵਿੱਚ ਇਸ ਲਈ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ, ਪਰ 21 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਕੋਈ ਸਫ਼ਲਤਾ ਨਹੀਂ ਮਿਲੀ ਹੈ।
ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਲੜਕੀ ਨੂੰ ਬਾਹਰ ਕੱਢਣ ਲਈ ਬਚਾਅ ਟੀਮਾਂ ਵੱਲੋਂ ਲਗਾਤਾਰ ਮੁਸ਼ੱਕਤ ਕੀਤੀ ਜਾ ਰਹੀ ਸੀ। ਬੀਤੀ ਰਾਤ ਟੀਮ ਨੇ 20 ਫੁੱਟ ਹੇਠਾਂ ਲੜਕੀ ਦਾ ਹੱਥ ਲੱਭ ਕੇ ਉਸ ਨੂੰ ਆਕਸੀਜ਼ਨ ਭੇਜੀ। ਇਸ ਮੁਹਿੰਮ ਵਿੱਚ ਟੀਮ ਨੇ ਰੋਬੋਟ ਦੀ ਵੀ ਮਦਦ ਲਈ, ਪਰ ਇਨ੍ਹਾਂ ਸਭ ਕਾਰਵਾਈਆਂ ਦੇ ਬਾਵਜੂਦ ਬੱਚੀ ਦਾ ਬਚਾਅ ਨਹੀਂ ਹੋ ਸਕਿਆ ਤੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਜੇਸੀਬੀ ਦੀ ਮਦਦ ਨਾਲ ਲੜਕੀ ਦੀ ਲਾਸ਼ ਨੂੰ 21 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ। ਵਡੋਦਰਾ ਤੋਂ NDRF ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਚਾਰਜ ਸੰਭਾਲ ਲਿਆ ਸੀ।