ਨਵੀਂ ਦਿੱਲੀ:ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ (Giani Zail Singh) ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਵੱਡੇ ਸਿਆਸੀ ਆਗੂਆਂ ਦੀ ਮੌਜੂਦਗੀ ਵਿੱਚ ਇੰਦਰਜੀਤ ਸਿੰਘ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਹਨ।
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇੰਦਰਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਗਿਆਨੀ ਜ਼ੈਲ ਸਿੰਘ ਦੀ ਮਨੋਕਾਮਨਾ ਅੱਜ ਪੂਰੀ ਹੋਈ ਹੈ ਕਿਉਂਕਿ ਉੁਨ੍ਹਾਂ ਦੇ ਦਾਦਾ ਜੀ ਵੀ ਚਾਹੁੰਦੇ ਸਨ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਣ। ਇਸ ਦੌਰਾਨ ਉਨ੍ਹਾਂ ਕਾਂਗਰਸ ਉੱਪਰ ਵੀ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੇ ਦਾਦਾ ਗਿਆਨੀ ਜ਼ੈਲ ਸਿੰਘ ਨਾਲ ਕਾਂਗਰਸ ਵੱਲੋਂ ਚੰਗਾ ਸਲੂਕ ਨਹੀਂ ਕੀਤਾ ਗਿਆ। ਇੰਦਰਜੀਸ ਸਿੰਘ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਕਾਂਗਰਸ ਪ੍ਰਤੀ ਬਹੁਤ ਜ਼ਿਆਦਾ ਵਫਾਦਾਰ ਸਨ ਪਰ ਕਾਂਗਰਸ ਨੇ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਦੇ ਮਨ ਨੂੰ ਡੂੰਘੀ ਠੇਸ ਪੁੱਜੀ ਸੀ।
ਇਸ ਦੌਰਾਨ ਇਹ ਪੀ ਕਿਹਾ ਕਿ ਉਹ ਆਪਣਾ ਕੈਰੀਅਰ ਬਣਾਉਣ ਦੇ ਲਈ ਫਿਲਮੀ ਦੁਨੀਆ ਦੇ ਵਿੱਚ ਆ ਗਏ ਸਨ ਤੇ ਉਹ ਇਸ ਦੌਰਾਨ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਰਹੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਉਨ੍ਹਾਂ ਦੇ ਦਾਦਾ ਜੀ ਵੱਲੋਂ ਉਨ੍ਹਾਂ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਭਾਜਪਾ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਗਿਆਨੀ ਜ਼ੈਲ ਸਿੰਘ ਨੇ ਭਾਜਪਾ ਦੇ ਨਾਮੀ ਚਿਹਰਿਆਂ ਦੇ ਨਾਲ ਮੁਲਾਕਾਤ ਵੀ ਕਰਵਾਈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਨਹੀਂ ਹੋਏ ਸਨ ਪਰ ਉਨ੍ਹਾਂ ਉਸ ਦੌਰਾਨ ਭਾਜਪਾ ਆਗੂਆਂ ਦੇ ਨਾਲ ਰੈਲੀਆਂ ਵੀ ਕੀਤੀਆਂ ਸਨ।