ਨਵੀਂ ਦਿੱਲੀ:ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਹੈਲੀਕਾਪਟਰ ਹਾਦਸੇ (Coonoor helicopter crash) ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਦਿੱਲੀ ਲਿਆਂਦੀ ਜਾਵੇਗੀ। ਦੱਸਿਆ ਗਿਆ ਹੈ ਕਿ ਦੋਵਾਂ ਦਾ ਅੰਤਿਮ ਸੰਸਕਾਰ (Bipin Rawat Cremation) ਸ਼ੁੱਕਰਵਾਰ ਨੂੰ ਦਿੱਲੀ ਛਾਉਣੀ (DELHI CANTONMENT) 'ਚ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਵਤ ਦੇ ਗ੍ਰਹਿ ਰਾਜ ਉੱਤਰਾਖੰਡ ਵਿੱਚ ਰਾਜ ਸਰਕਾਰ ਨੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ:ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ
ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਤੱਕ ਫੌਜੀ ਜਹਾਜ਼ ਰਾਹੀਂ ਰਾਸ਼ਟਰੀ ਰਾਜਧਾਨੀ ਪਹੁੰਚ ਜਾਵੇਗੀ। ਸ਼ੁੱਕਰਵਾਰ ਨੂੰ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਲਿਆਂਦੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਕਾਮਰਾਜ ਮਾਰਗ ਤੋਂ ਦਿੱਲੀ ਛਾਉਣੀ ਦੇ ਬਰਾੜ ਚੌਰਾਹਾ ਸ਼ਮਸ਼ਾਨਘਾਟ ਤੱਕ ਕੱਢੀ ਜਾਵੇਗੀ। ਅੰਤਿਮ ਸੰਸਕਾਰ (Bipin Rawat Cremation) ਲਈ ਉਨ੍ਹਾਂ ਦੀ ਛੋਟੀ ਭੈਣ ਅਤੇ ਭਰਾ ਵੀ ਉੱਥੇ ਮੌਜੂਦ ਰਹਿਣਗੇ।
ਦੋਵੇ ਸਦਨਾਂ ’ਚ ਰੱਖਿਆ ਮੰਤਰੀ ਕਰਨਗੇ ਸੰਬੋਧਨ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਰਾਜ ਸਭਾ ਤੇ ਲੋਕ ਸਭਾ ਵਿੱਚ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾਦਸੇ ਸਬੰਧੀ ਸੰਬੋਧਨ ਕਰਨਗੇ।
3 ਦਿਨਾਂ ਦਾ ਰਾਸ਼ਟਰੀ ਸੋਗ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੀਡੀਐਸ ਦੀ ਮੌਤ 'ਤੇ ਸੂਬੇ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ, ਮੈਨੂੰ ਸੀਡੀਐਸ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਉਨ੍ਹਾਂ ਆਪਣਾ ਜੀਵਨ ਦੇਸ਼ ਲਈ ਸਮਰਪਿਤ ਕਰ ਦਿੱਤਾ।