ਹੈਦਰਾਬਾਦ:ਮੁੰਬਈ ਤੋਂ ਦੁਰਗਾਪੁਰ ਜਾ ਰਹੇ ਸਪਾਈਸਜੈੱਟ ਦੇ ਬੋਇੰਗ B737 ਜਹਾਜ਼ ਦੇ ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ। ਇਹ ਘਟਨਾ ਐਤਵਾਰ ਸ਼ਾਮ ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਵਾਪਰੀ। ਜਹਾਜ਼ ਅੰਦਰ ਦੇ ਭਿਆਨਕ ਨਜ਼ਾਰੇ ਦਾ ਵੀਡੀਓ ਸਾਹਮਣੇ ਆਇਆ ਹੈ। ਕੈਮਰੇ ਵਿਚ ਕੈਦ ਹੋਏ ਘਬਰਾਹਟ ਦੇ ਪਲਾਂ ਵਿਚ, ਜਹਾਜ਼ ਦੇ ਫਰਸ਼ 'ਤੇ ਖਿੱਲਰੇ ਸਮਾਨ ਅਤੇ ਆਕਸੀਜਨ ਮਾਸਕ ਹੇਠਾਂ ਦਿਖਾਈ ਦਿੰਦੇ ਹਨ। ਇੱਥੋਂ ਤੱਕ ਕਿ ਕੈਬਿਨ ਦਾ ਸਮਾਨ ਵੀ ਯਾਤਰੀਆਂ 'ਤੇ ਡਿੱਗ ਪਿਆ।
14 ਯਾਤਰੀਆਂ ਅਤੇ ਤਿੰਨ ਕੈਬਿਨ ਕਰੂ ਸਮੇਤ ਘੱਟੋ-ਘੱਟ 17 ਲੋਕ ਜ਼ਖ਼ਮੀ ਹੋਏ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕੁਝ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਟਾਂਕੇ ਲੱਗੇ ਹਨ। ਇੱਕ ਯਾਤਰੀ ਨੇ ਰੀੜ੍ਹ ਦੀ ਹੱਡੀ 'ਤੇ ਸੱਟ ਲੱਗਣ ਦੀ ਸ਼ਿਕਾਇਤ ਕੀਤੀ ਹੈ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਦੁਰਗਾਪੁਰ ਪਹੁੰਚਣ 'ਤੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ।