ਦੇਹਰਾਦੂਨ (ਉੱਤਰਾਖੰਡ) : ਮੁੱਖ ਮੰਤਰੀ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਮੇਤ 7 ਲੋਕਾਂ 'ਤੇ ਧੋਖਾਧੜੀ ਦਾ ਆਰੋਪ ਲੱਗਾ ਹੈ। ਇਲਜ਼ਾਮ ਹੈ ਕਿ ਪੰਜਾਬ ਭਾਜਪਾ ਆਗੂ ਅਤੇ ਉਸਦੇ ਸਾਥੀਆਂ ਵੱਲੋਂ ਸਕੱਤਰੇਤ ਵਿੱਚ ਸਰਕਾਰੀ ਟੈਂਡਰ ਲਗਵਾਉਣ ਅਤੇ ਦਵਾਈਆਂ ਦੀ ਸਪਲਾਈ ਕਰਨ ਦੇ ਬਹਾਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਦੱਸ ਦਈਏ ਕਿ ਭਾਜਪਾ ਆਗੂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁੱਖ ਮੰਤਰੀ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਮੇਤ 7 ਵਿਅਕਤੀਆਂ ਖ਼ਿਲਾਫ਼ ਨਗਰ ਕੋਤਵਾਲੀ ਵਿੱਚ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁੱਖ ਮੰਤਰੀ ਦੇ ਸਾਬਕਾ ਨਿੱਜੀ ਸਕੱਤਰ ਵਿਰੁੱਧ ਧੋਖਾਧੜੀ ਦਾ ਮਾਮਲਾ:- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ, ਉਸ ਦੀ ਮੁਲਾਕਾਤ ਪਿਛਲੇ ਸਾਲ ਉੱਤਰਾਖੰਡ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਪ੍ਰਕਾਸ਼ ਚੰਦ ਉਪਾਧਿਆਏ ਨਾਲ ਹੋਈ ਸੀ। ਉਸ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਨਿੱਜੀ ਸਕੱਤਰ ਵਿਚਕਾਰ ਦੋਸਤੀ ਹੋ ਗਈ। ਇਸ ਦੌਰਾਨ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਨੂੰ ਕਿਹਾ ਕਿ ਉਹ ਉਸ ਨੂੰ ਕਈ ਤਰ੍ਹਾਂ ਦੇ ਸਰਕਾਰੀ ਕੰਮ ਦਵਾ ਸਕਦਾ ਹੈ। ਪਰ ਇਸਦੇ ਲਈ ਹੋਰ ਲੋਕਾਂ ਦੀ ਲੋੜ ਪਵੇਗੀ।
ਇਹ ਹੈ ਆਰੋਪ :- ਭਾਜਪਾ ਆਗੂ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪ੍ਰਕਾਸ਼ ਚੰਦ ਉਪਾਧਿਆਏ ਦੀਆਂ ਗੱਲਾਂ 'ਤੇ ਵਿਸ਼ਵਾਸ ਕੀਤਾ। ਜਿਸ ਤੋਂ ਬਾਅਦ ਉਸ ਨੇ ਆਪਣੇ ਕਾਰੋਬਾਰੀ ਦੋਸਤਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਕੋਲ ਦਵਾਈਆਂ ਦੀ ਸਪਲਾਈ ਤੇ ਬਣਾਉਣ ਨਾਲ ਸਬੰਧਤ ਕੁੱਝ ਫਰਮਾਂ ਸਨ। ਕੁੱਝ ਦਿਨਾਂ ਬਾਅਦ ਪ੍ਰਕਾਸ਼ ਚੰਦ ਉਪਾਧਿਆਏ ਨੇ ਸੰਜੀਵ ਕੁਮਾਰ ਤੇ ਉਸ ਦੇ ਸਾਥੀਆਂ ਤੋਂ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਤਰੀਕਾਂ 'ਤੇ 3 ਕਰੋੜ 42 ਲੱਖ ਰੁਪਏ ਲੈ ਲਏ। ਸੰਜੀਵ ਕੁਮਾਰ ਨੇ ਆਰੋਪ ਲਗਾਇਆ ਕਿ ਕਦੇ ਸਕੱਤਰੇਤ ਦੇ ਕੋਲ ਮੇਰੇ ਕੋਲੋ ਪੈਸੇ ਲਏ ਜਾਂਦੇ ਸਨ ਤੇ ਕਦੇ ਵਿਧਾਨ ਸਭਾ ਦੇ ਕੋਲ ਮੇਰੇ ਕੋਲੋ ਪੈਸੇ ਲਏ ਸਨ।