ਸ੍ਰੀਨਗਰ: ਜੰਮੂ ਕਸ਼ਮੀਰ ਦੇ ਨਗਰੋਟਾ ਖੇਤਰ ਵਿੱਚ ਵੀਰਵਾਰ ਸਵੇਰੇ ਚੱਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਟਰੱਕ ਵਿੱਚ ਲੁਕੇ ਹੋਏ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਿਕ ਪੁਲਿਸ, ਸੀਆਰਐਫ਼ ਅਤੇ ਫ਼ੌਜ ਦੇ ਸਾਂਝੇ ਆਪਰੇਸ਼ਨ ਵਿੱਚ ਬਾਨ ਟੋਲ ਪਲਾਜ਼ਾ ਵਿਖੇ ਇੱਕ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਮਾਰੇ ਗਏ ਤੇ ਇੱਕ ਪੁਲਿਸ ਕਾਂਸਟੇਬਲ ਜ਼ਖ਼ਮੀ ਹੋ ਗਿਆ।
ਆਈਜੀ ਮੁਕੇਸ਼ ਸਿੰਘ ਨੇ ਇਸ ਸਮੁੱਚੀ ਘਟਨਾ ਬਾਰੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਅੱਤਵਾਦੀਆਂ ਕੋਲ ਦੋ ਤੋਂ ਤਿੰਨ ਵੱਡੇ ਹਥਿਆਰ ਸਨ। ਅੱਤਵਾਦੀਆਂ ਕੋਲੋਂ 11 ਏ ਕੇ 47 ਰਾਈਫ਼ਲਾਂ, 3 ਪਿਸਤੌਲ, 29 ਗ੍ਰਨੇਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਚਾਰੇ ਅੱਤਵਾਦੀ ਮਾਰੇ ਗਏ।
ਪੁਲਿਸ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਨ੍ਹਾਂ ਨੇ ਕੁਝ ਵੱਡਾ ਕਰਨ ਦੇ ਇਰਾਦੇ ਨਾਲ ਘੁਸਪੈਠ ਕੀਤੀ ਸੀ ਅਤੇ ਕਸ਼ਮੀਰ ਘਾਟੀ ਵੱਲ ਜਾ ਰਹੇ ਸਨ।
ਆਈਜੀ ਮੁਕੇਸ਼ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਡੀਡੀਸੀ ਚੋਣਾਂ ਤੋਂ ਸੁਚੇਤ ਹਾਂ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਹਥਿਆਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹੋ ਸਕਦੇ ਹਨ। ਹਾਲਾਂਕਿ, ਅਜੇ ਤੱਕ ਕੋਈ ਪੱਕੀ ਜਾਣਕਾਰੀ ਨਹੀਂ ਹੈ।