ਮਨੀਪੁਰ/ ਇੰਫਾਲ:ਬੁੱਧਵਾਰ ਨੂੰ ਮਨੀਪੁਰ ਦੇ ਕੁਕੀ-ਜ਼ੋਮੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਮਰਦਾਂ ਦੀ ਭੀੜ ਦੁਆਰਾ ਨਗਨ ਪਰੇਡ ਅਤੇ ਜਿਨਸੀ ਸ਼ੋਸ਼ਣ ਨੂੰ ਦਰਸਾਉਂਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਮਾਮਲੇ 'ਚ ਮੁੱਖ ਮੁਲਜ਼ਮ ਹਿਊਰੇਮ ਹੇਰੋਦਾਸ ਮੇਈਟੀ (32 ਸਾਲ) ਸਮੇਤ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਵੀਡੀਓ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਘਟਨਾ ਦਾ ਖੁਦ ਨੋਟਿਸ ਲੈਂਦਿਆਂ, ਮਨੀਪੁਰ ਪੁਲਿਸ ਹਰਕਤ ਵਿੱਚ ਆ ਗਈ ਅਤੇ ਵੀਰਵਾਰ ਸਵੇਰੇ ਪਹਿਲੀ ਗ੍ਰਿਫਤਾਰੀ ਕੀਤੀ। ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਵਿੱਚ ਫਾਂਸੀ ਦੀ ਸਜ਼ਾ ਦੀ ਸੰਭਾਵਨਾ ਨੂੰ ਵੀ ਵਿਚਾਰਿਆ ਜਾਣਾ ਚਾਹੀਦਾ ਹੈ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ :ਦੂਜੇ ਪਾਸੇ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਨੇ ਮਨੀਪੁਰ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਅੰਦਰ ਮਾਮਲੇ 'ਤੇ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਵਿੱਚ ਘਟਨਾਵਾਂ ਦੇ ਸਬੰਧ ਵਿੱਚ ਦਰਜ ਐਫਆਈਆਰਜ਼ ਦੀ ਜਾਂਚ ਦੀ ਸਥਿਤੀ, ਪੀੜਤ ਔਰਤਾਂ ਅਤੇ ਹੋਰ ਜ਼ਖਮੀ ਵਿਅਕਤੀਆਂ ਦੀ ਸਿਹਤ ਸਥਿਤੀ ਦੇ ਨਾਲ-ਨਾਲ ਪੀੜਤ ਵਿਅਕਤੀਆਂ/ਪਰਿਵਾਰਾਂ ਨੂੰ ਮੁਆਵਜ਼ਾ, ਜੇਕਰ ਕੋਈ ਹੋਵੇ, ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ।
ਹਰ ਪਾਸੇ ਸਖ਼ਤ ਕਾਰਵਾਈ ਦੀ ਮੰਗ:ਦੱਸ ਦੇਈਏ ਕਿ ਮਣੀਪੁਰ ਲਗਭਗ ਦੋ ਮਹੀਨਿਆਂ ਤੋਂ ਹਿੰਸਾ ਦੀ ਮਾਰ ਝੱਲ ਰਿਹਾ ਹੈ। ਜਿੱਥੇ ਸ਼ਾਂਤੀ ਬਣਾਈ ਰੱਖਣ ਲਈ ਕੇਂਦਰੀ ਬਲਾਂ ਅਤੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਕਾਫੀ ਨਿੰਦਾ ਹੋ ਰਹੀ ਹੈ। ਮਨੀਪੁਰ ਦੇ ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈਟੀਐਲਐਫ) ਨੇ ਇਲਜ਼ਾਮ ਲਾਇਆ ਕਿ ਇਹ ਘਟਨਾ 4 ਮਈ ਨੂੰ ਵਾਪਰੀ ਸੀ। ਆਈਟੀਐਲਐਫ ਦਾ ਇਲਜ਼ਾਮ ਹੈ ਕਿ ਦੋ ਔਰਤਾਂ ਚੋਂ ਇੱਕ ਨਾਲ ਝੋਨੇ ਦੇ ਖੇਤ ਵਿੱਚ ਨਗਨ ਪਰੇਡ ਕਰਨ ਤੋਂ ਬਾਅਦ ਸਮੂਹਿਕ ਬਲਾਤਕਾਰ ਕੀਤਾ ਗਿਆ। ITLF ਨੇ ਕਥਿਤ ਦੋਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤਾਂ ਨੇ ਐਫਆਈਆਰ ਵਿੱਚ ਦੱਸਿਆ, ਘਟਨਾ ਵਾਲੇ ਦਿਨ ਕੀ ਹੋਇਆ:ਇਹ ਘਟਨਾ ਮੇਤੇਈ ਦੇ ਪ੍ਰਭਾਵ ਵਾਲੇ ਘਾਟੀ ਜ਼ਿਲ੍ਹੇ ਥੌਬਲ ਵਿੱਚ ਵਾਪਰੀ, ਪੀੜਤਾਂ ਨੇ ਬਾਅਦ ਵਿੱਚ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਵਿੱਚ ਇੱਕ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਮਾਮਲਾ ਥੋਬਲ ਦੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਗਿਆ ਸੀ। ਉਸ ਦੀ ਸ਼ਿਕਾਇਤ ਅਨੁਸਾਰ 50 ਸਾਲਾ ਇਕ ਹੋਰ ਔਰਤ ਸੀ ਜਿਸ ਨੂੰ ਭੀੜ ਨੇ ਜ਼ਬਰਦਸਤੀ ਕੱਪੜੇ ਉਤਾਰਨ ਲਈ ਮਜ਼ਬੂਰ ਕੀਤਾ। ਸ਼ਿਕਾਇਤ ਵਿੱਚ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਹੋਰ ਨਾਬਾਲਗ ਲੜਕੀ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਸਿਆਸੀ ਨੇਤਾਵਾਂ ਤੋਂ ਲੈ ਕੇ ਬਾਲੀਵੁੱਡ ਜਗਤ ਵਲੋਂ ਘਟਨਾ ਦੀ ਸਖ਼ਤ ਨਿੰਦਾ: ਇਸ ਸ਼ਰਮਸਾਰ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ, ਉੱਥੇ ਹੀ ਵਿਰੋਧੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਵੀ ਕਈ ਸਿਆਸੀ ਪਾਰਟੀਆਂ ਵਲੋਂ ਇਸ ਘਟਨਾ ਪ੍ਰਤੀ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਟਵੀਟ ਕਰਦੇ ਹੋਏ ਇਸ ਘਟਨਾ ਨੂੰ ਬੇਹਦ ਨਿੰਦਣਯੋਗ ਦੱਸਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਾਂਗਰਸ ਨੇਤਾਵਾਂ ਅਤੇ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆਂ ਨੇ ਵੀ ਮਨੀਪੁਰ ਘਟਨਾ ਦੀ ਨਿਖੇਧੀ ਕੀਤੀ।
ਪੁਲਿਸ 'ਤੇ ਹਾਵੀ ਹੋਈ ਭੀੜ, ਇੱਕ ਵਿਅਕਤੀ ਅਤੇ ਇੱਕ ਨੌਜਵਾਨ ਦੇ ਕਤਲ ਤੋਂ ਬਾਅਦ ਭੀੜ ਨੇ ਲੜਕੀ ਨਾਲ ਕੀਤਾ ਬਲਾਤਕਾਰ: 4 ਮਈ ਨੂੰ ਪੁਲਿਸ ਉਨ੍ਹਾਂ ਨੂੰ ਛੁੱਡਵਾ ਕੇ ਵਾਪਸ ਪਿੰਡ ਲਿਆ ਰਹੀ ਸੀ। ਉਸੇ ਸਮੇਂ ਭੀੜ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ। ਥਾਣੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਭੀੜ ਪੁਲਿਸ ਉੱਤੇ ਹਾਵੀ ਹੋ ਗਈ। ਪਹਿਲਾਂ ਉਨ੍ਹਾਂ ਨੇ 20 ਸਾਲਾ ਲੜਕੀ ਦੇ ਪਿਤਾ 'ਤੇ ਹਮਲਾ ਕੀਤਾ। ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਔਰਤਾਂ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਗਿਆ। ਔਰਤਾਂ ਨੂੰ ਸੜਕ ਤੋਂ ਨਗਨ ਹਾਲਤ ਵਿੱਚ ਘਸੀਟਿਆ ਗਿਆ ਅਤੇ ਇੱਕ ਖੇਤ ਵਿੱਚ ਲਿਜਾਇਆ ਗਿਆ। ਇਲਜ਼ਾਮ ਹੈ ਕਿ ਸਭ ਤੋਂ ਛੋਟੀ 20 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਦੌਰਾਨ ਵਿਰੋਧ ਕਰਨ 'ਤੇ ਲੜਕੀ ਦੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਿੰਨ ਔਰਤਾਂ ਨੇੜਲੇ ਪਹਾੜੀ ਜ਼ਿਲ੍ਹੇ ਟੇਂਗਨੋਪਾਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਈਆਂ ਅਤੇ ਫਿਲਹਾਲ ਰਾਹਤ ਕੈਂਪਾਂ ਵਿੱਚ ਹਨ।