ਨਵੀਂ ਦਿੱਲੀ:ਪੁਲਿਸ ਨੇ ਦਵਾਰਕਾ ਦੇ ਪਾਰਕ ਦੇ ਅੰਦਰ ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸਾਬਕਾ ਸੂਬੇਦਾਰ ਹੈ ਅਤੇ ਉਸ ਨੇ ਪੁਲਿਸ ਮੁਲਾਜ਼ਮ ਦੱਸ ਕੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਸੀ। ਘਟਨਾ ਸਮੇਂ ਲੜਕੀ ਪਾਰਕ 'ਚ ਆਪਣੇ ਦੋਸਤ ਨਾਲ ਬੈਠੀ ਸੀ। ਮੁਲਜ਼ਮ ਨੇ ਉਸਦੇ ਦੋਸਤ ਦੀ ਕੁੱਟਮਾਰ ਕਰਕੇ 5000 ਰੁਪਏ ਲੁੱਟ ਲਏ ਸਨ। ਇਸ ਮਾਮਲੇ ਵਿੱਚ ਇੱਕ ਹਫ਼ਤੇ ਤੋਂ ਵੱਧ ਜਾਂਚ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ 28 ਜਨਵਰੀ ਨੂੰ ਦਵਾਰਕਾ ਇਲਾਕੇ 'ਚ ਵਾਪਰੀ ਸੀ। ਲੜਕੀ ਦਵਾਰਕਾ ਸੈਕਟਰ 23 ਦੇ ਇੱਕ ਪਾਰਕ ਵਿੱਚ ਇੱਕ ਦੋਸਤ ਨਾਲ ਬੈਠੀ ਸੀ। ਉਸੇ ਸਮੇਂ ਖਾਕੀ ਵਰਦੀ ਪਾਈ ਇਕ ਵਿਅਕਤੀ ਉਥੇ ਆਇਆ। ਉਸ ਨੇ ਆਪਣੇ ਆਪ ਨੂੰ ਦਵਾਰਕਾ ਸੈਕਟਰ-23 ਥਾਣੇ ਦਾ ਪੁਲੀਸ ਮੁਲਾਜ਼ਮ ਦੱਸਿਆ। ਉਸ ਨੇ ਦੋਵਾਂ ਨੂੰ ਇੱਥੇ ਬੈਠਣ ਦਾ ਕਾਰਨ ਪੁੱਛ ਕੇ ਧਮਕੀ ਦਿੱਤੀ। ਥਾਣੇ ਲੈ ਜਾਣ ਦੀ ਧਮਕੀ ਦਿੱਤੀ ਅਤੇ ਪੈਸੇ ਦੀ ਮੰਗ ਕੀਤੀ।