ਗੋਂਡਾ/ਉੱਤਰ ਪ੍ਰਦੇਸ਼:ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਕੈਸਰਗੰਜ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਐਤਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣਾ ਨਾਰਕੋ ਟੈਸਟ, ਪੌਲੀਗ੍ਰਾਫ ਟੈਸਟ ਜਾਂ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਨ, ਪਰ ਸ਼ਰਤ ਇਹ ਹੈ ਕਿ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਵੀ ਟੈਸਟ ਕੀਤਾ ਜਾਣਾ ਚਾਹੀਦਾ ਹੈ।
ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਵੀ ਟੈਸਟ ਹੋਣਾ ਚਾਹੀਦਾ:ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਪੋਸਟ ਕਰਦਿਆ ਇਹ ਐਲਾਨ ਕੀਤਾ ਕਿ ਉਹ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਨ। ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਆਪਣਾ ਟੈਸਟ ਕਰਵਾਉਣ ਲਈ ਤਿਆਰ ਹਨ, ਤਾਂ ਪ੍ਰੈਸ ਨੂੰ ਬੁਲਾ ਕੇ ਇਸ ਦਾ ਐਲਾਨ ਕਰੋ।
ਮੈਂ ਅਪਣਾ ਨਾਰਕੋ ਟੈਸਟ, ਪੌਲੀਗ੍ਰਾਫ ਟੈਸਟ ਜਾਂ ਲਾਈ ਡਿਟੈਕਟਰ ਕਰਵਾਉਣ ਲਈ ਤਿਆਰ ਹਾਂ, ਪਰ ਮੇਰੀ ਸ਼ਰਤ ਹੈ ਕਿ ਮੇਰੇ ਨਾਲ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਵੀ ਟੈਸਟ ਹੋਣਾ ਚਾਹੀਦਾ ਹੈ। ਜੇਕਰ ਦੋਨੋਂ ਪਹਿਲਵਾਨ ਟੈਸਟ ਕਰਵਾਉਣ ਲਈ ਤਿਆਰ ਹਨ, ਤਾਂ ਪ੍ਰੈਸ ਬੁਲਾ ਕੇ ਇਸ ਦਾ ਐਲਾਨ ਕਰਨ ਅਤੇ ਮੈਂ ਵਚਨ ਦਿੰਦਾ ਹਾਂ ਕਿ ਮੈਂ ਵੀ ਇਸ ਲਈ ਤਿਆਰ ਹਾਂ। ਮੈਂ ਅੱਜ ਵੀ ਅਪਣੀ ਗੱਲ ਉੱਤੇ ਕਾਇਮ ਹਾਂ ਅਤੇ ਹਮੇਸ਼ਾ ਕਾਇਮ ਰਹਿਣ ਦਾ ਦੇਸ਼ਵਾਸੀਆਂ ਨਾਲ ਵਾਅਦਾ ਕਰਦਾ ਹਾਂ। - ਬ੍ਰਿਜਭੂਸ਼ਣ ਸ਼ਰਨ ਸਿੰਘ, ਭਾਜਪਾ ਆਗੂ ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ
ਸੰਸਦ ਮੈਂਬਰ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਸਾਡੀ ਚੁੰਨੀ 'ਚ ਕੋਈ ਦਾਗ ਨਹੀਂ:ਬ੍ਰਿਜਭੂਸ਼ਣ ਇਸ ਤੋਂ ਇਕ ਦਿਨ ਪਹਿਲਾਂ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਾਡੀ ਚੁੰਨੀ 'ਚ ਕੋਈ ਦਾਗ ਨਹੀਂ ਹੈ ਅਤੇ ਨਾ ਹੀ ਕੋਈ ਸ਼ਰਮ ਦੀ ਗੱਲ ਹੈ। ਹਿੰਮਤ ਦੀ ਕੋਈ ਕਮੀ ਨਹੀਂ ਹੈ। ਮੈਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਹੀਂ ਬੋਲ ਰਿਹਾ। ਜਿਨਸੀ ਸ਼ੋਸ਼ਣ ਕਾਨੂੰਨ ਕਾਰਨ ਹਰ ਘੰਟੇ 200 ਬੱਚੇ ਖੁਦਕੁਸ਼ੀ ਕਰ ਰਹੇ ਹਨ। ਹੁਣ ਲੋੜ ਹੈ ਕਿ ਕਾਨੂੰਨ ਵਿੱਚ ਕੁਝ ਤਬਦੀਲੀ ਕੀਤੀ ਜਾਵੇ। 5 ਜੂਨ ਨੂੰ ਅਯੁੱਧਿਆ 'ਚ ਦੇਸ਼ ਦੇ ਸੰਤ ਬੋਲਣਗੇ ਅਤੇ ਦੇਸ਼ ਸੁਣੇਗਾ, ਉਸ ਪ੍ਰੋਗਰਾਮ 'ਚ ਮੇਰੇ ਐਪੀਸੋਡ ਦੀ ਕੋਈ ਗੱਲ ਨਹੀਂ ਹੋਵੇਗੀ।
28 ਮਈ ਨੂੰ ਸੰਸਦ ਦੇ ਸਾਹਮਣੇ ਹੋਵੇਗੀ ਮਹਿਲਾ ਪੰਚਾਇਤ: ਖਾਪ ਮਹਾਪੰਚਾਇਤ ਨੇ ਐਤਵਾਰ ਨੂੰ ਫੈਸਲਾ ਕੀਤਾ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੀਆਂ ਔਰਤਾਂ 28 ਮਈ ਨੂੰ ਨਵੀਂ ਸੰਸਦ ਭਵਨ ਦੇ ਸਾਹਮਣੇ ਪੰਚਾਇਤ ਕਰਨਗੀਆਂ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਖਾਪ ਪੰਚਾਇਤ ਦੇ ਆਗੂਆਂ ਨੇ ਰੋਹਤਕ ਵਿੱਚ ਇੱਕ ਦਿਨ ਮੀਟਿੰਗ ਕੀਤੀ ਜਿਸ ਵਿੱਚ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਸੀ, ਪਰ ਅੰਤ ਵਿੱਚ ਉਨ੍ਹਾਂ ਨੇ ਸੰਸਦ ਭਵਨ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ। ਵਿਰੋਧ ਕਰਨ ਵਾਲੇ ਪਹਿਲਵਾਨਾਂ ਵਿੱਚੋਂ ਸਾਕਸ਼ੀ ਮਲਿਕ ਅਤੇ ਉਸ ਦੇ ਪਤੀ ਸੱਤਿਆਵਰਤ ਕਦਾਯਾਨ ਨੇ ਮਹਾਪੰਚਾਇਤ ਵਿੱਚ ਹਿੱਸਾ ਲਿਆ।
ਜੰਤਰ-ਮੰਤਰ 'ਤੇ ਪਿਛਲੇ 28 ਦਿਨਾਂ ਤੋਂ ਪਹਿਲਵਾਨਾਂ ਦਾ ਪ੍ਰਦਰਸ਼ਨ: ਦੱਸ ਦੇਈਏ ਕਿ ਪਹਿਲਵਾਨ ਪਿਛਲੇ 28 ਦਿਨਾਂ ਤੋਂ ਜੰਤਰ-ਮੰਤਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਨੇ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪਹਿਲਵਾਨਾਂ ਦੀ ਸ਼ਿਕਾਇਤ 'ਤੇ ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਦੇ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਦਰਜ ਕੀਤੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।