ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections 2022 ) ਦਾ ਪ੍ਰਚਾਰ ਜ਼ੋਰਾਂ 'ਤੇ ਹੈ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਅਤੇ ਆਰਥਿਕ ਨੀਤੀਆਂ ਦੇ ਲਈ ਆਲੋਚਨਾ ਕੀਤੀ ਹੈ।
ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੇ ਲੋਕ ਕਾਂਗਰਸ ਦੇ ਚੰਗੇ ਕੰਮਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਨੂੰ ਸਿਆਸੀ ਮੁੱਦਾ ਬਣਾਉਣ ਲਈ ਭਾਜਪਾ ਦੀ ਵੀ ਆਲੋਚਨਾ ਕੀਤੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਪੀਐਮ ਮੋਦੀ ਦੀ ਸੁਰੱਖਿਆ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਲੋਕਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੇਂਦਰ ਦੀਆਂ ਆਰਥਿਕ ਨੀਤੀਆਂ 'ਤੇ ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਅਮੀਰ ਲੋਕ ਹੋਰ ਅਮੀਰ ਹੋ ਰਹੇ ਹਨ, ਜਦਕਿ ਗਰੀਬਾਂ ਦੀ ਗਰੀਬੀ ਵਧ ਰਹੀ ਹੈ। ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਆਰਥਿਕ ਨੀਤੀ ਦੀ ਕੋਈ ਸਮਝ ਨਹੀਂ ਹੈ।
ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਨੀਤੀਆਂ ਦੀ ਅਣਦੇਖੀ ਦੇਸ਼ ਤੱਕ ਸੀਮਤ ਨਹੀਂ ਹੈ। ਭਾਜਪਾ ਸਰਕਾਰ ਵਿਦੇਸ਼ ਨੀਤੀ 'ਤੇ ਵੀ ਫੇਲ ਰਹੀ ਹੈ। ਚੀਨ ਸਾਡੀ ਸਰਹੱਦ 'ਤੇ ਬੈਠਾ ਹੈ ਅਤੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂ ਮਨਮੋਹਨ ਸਿੰਘ ਨੇ ਪੀਐਮ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ ਕਿ ਆਗੂਆਂ ਨੂੰ ਗਲੇ ਲਗਾਉਣਾ ਜਾਂ ਬਿਨ੍ਹਾਂ ਸੱਦੇ ਬਿਰਯਾਨੀ ਖਾਣ ਨਾਲ ਰਿਸ਼ਤੇ ਨਹੀਂ ਸੁਧਰਦੇ। ਭਾਜਪਾ ਦਾ ਰਾਸ਼ਟਰਵਾਦ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਆਧਾਰਿਤ ਹੈ। ਇਸ ਕਾਰਨ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ।
ਇਹ ਵੀ ਪੜ੍ਹੋ:ਕੁਮਾਰ ਵਿਸ਼ਵਾਸ ਦਾ ਦਾਅਵਾ- 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ PM ਬਣਾਂਗਾ'