ਹੈਦਰਾਬਾਦ ਡੈਸਕ: ਅਮਰੀਕਾ ਦੇ ਰੱਖਿਆ ਵਿਭਾਗ ਦੇ ਸਾਬਕਾ ਅਧਿਕਾਰੀ ਮਾਈਕਲ ਰੁਬਿਨ ਨੇ ਕੈਨੇਡਾ ਵੱਲੋਂ ਭਾਰਤ 'ਤੇ ਲਾਏ ਗਏ ਗੰਭੀਰ ਦੋਸ਼ਾਂ 'ਤੇ ਬਾਇਡਨ ਸਰਕਾਰ ਦੇ ਸਟੈਂਡ 'ਤੇ ਸਖ਼ਤ ਹਮਲਾ ਕੀਤਾ ਹੈ। ਰੂਬਿਨ ਨੇ ਕਿਹਾ ਕਿ ਜੇਕਰ ਵਿਦੇਸ਼ ਮੰਤਰੀ ਬਲਿੰਕਨ ਕਹਿੰਦੇ ਹਨ ਕਿ ਅਮਰੀਕਾ ਹਮੇਸ਼ਾ ਅੰਤਰਰਾਸ਼ਟਰੀ ਜ਼ੁਲਮ ਦੇ ਖਿਲਾਫ ਖੜ੍ਹਾ ਰਹੇਗਾ, ਤਾਂ ਅਸੀਂ ਅਸਲ ਵਿੱਚ ਪਖੰਡੀ ਹੋ ਰਹੇ ਹਾਂ।ਅਮਰੀਕੀ ਰੱਖਿਆ ਵਿਭਾਗ ਦੇ ਸਾਬਕਾ ਅਧਿਕਾਰੀ ਅਤੇ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਸੀਨੀਅਰ ਫੈਲੋ ਮਾਈਕਲ ਰੂਬਿਨ ਨੇ ਕਿਹਾ, "ਅਸੀਂ ਅੰਤਰਰਾਸ਼ਟਰੀ ਅੱਤਵਾਦ ਬਾਰੇ ਗੱਲ ਕਰ ਰਹੇ ਹਾਂ। ਇਹ ਇਸ ਤੋਂ ਵੱਖਰਾ ਨਹੀਂ ਹੈ।"
ਅਮਰੀਕੀ ਵਿਦੇਸ਼ ਮੰਤਰੀ ਨੇ ਟਰੂਡੋ ਦੇ ਦੋਸ਼ਾਂ ਨੂੰ ਦੱਸਿਆ ਗੰਭੀਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਅਮਰੀਕਾ ਨੇ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਹੈ। ਪਰ ਇਸ ਨੂੰ ਗੰਭੀਰ ਦੱਸਿਆ ਹੈ। ਕੈਨੇਡਾ ਵੱਲੋਂ ਭਾਰਤ 'ਤੇ ਲਾਏ ਗਏ ਗੰਭੀਰ ਦੋਸ਼ਾਂ 'ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਤੋਂ ਅਮਰੀਕਾ ਬੇਹੱਦ ਚਿੰਤਤ ਹੈ। ਭਾਰਤ ਨੂੰ ਇਸ ਮਾਮਲੇ ਵਿੱਚ ਕੈਨੇਡਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਹਰਦੀਪ ਨਿੱਝਰ ਸਿਰਫ ਇੱਕ ਪਲੰਬਰ ਨਹੀਂ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਲਾਏ ਗੰਭੀਰ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮਾਈਕਲ ਰੂਬਿਨ ਨੇ ਕਿਹਾ, "ਸਾਨੂੰ ਆਪਣੇ ਆਪ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਜਿਸ ਤਰ੍ਹਾਂ ਓਸਾਮਾ ਬਿਨ ਲਾਦੇਨ ਸਿਰਫ ਇਕ ਇੰਜੀਨੀਅਰ ਹੀ ਨਹੀਂ ਸੀ, ਉਸੇ ਤਰ੍ਹਾਂ ਹਰਦੀਪ ਸਿੰਘ ਨਿੱਝਰ ਵੀ ਸਿਰਫ ਇਕ ਪਲੰਬਰ ਹੀ ਨਹੀਂ ਸੀ। ਉਸ ਦੇ ਹੱਥ ਕਈਆਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਦੇ ਬਾਵਜੂਦ, ਜੇ ਵਿਦੇਸ਼ ਮੰਤਰੀ ਬਲਿੰਕਨ ਇਹ ਕਹਿੰਦੇ ਹਨ ਕਿ ਅਮਰੀਕਾ ਹਮੇਸ਼ਾ ਅੰਤਰਰਾਸ਼ਟਰੀ ਜ਼ੁਲਮ ਦੇ ਵਿਰੁੱਧ ਖੜ੍ਹਾ ਰਹੇਗਾ, ਤਾਂ ਅਸੀਂ ਅਸਲ ਵਿੱਚ ਪਖੰਡੀ ਹੋ ਰਹੇ ਹਾਂ। ਸਾਨੂੰ ਸਮਝਣਾ ਪਏਗਾ। ਆਖ਼ਰਕਾਰ ਅਸੀਂ ਕੀ ਕਰ ਰਹੇ ਹਾਂ। ਜੂਨ 2023 ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਪੱਛਮੀ ਮੀਡੀਆ ਨਿੱਝਰ ਦੇ ਕਤਲ ਨੂੰ ਕਿਸੇ ਕੱਟੜਪੰਥੀ ਦੇ ਕਤਲ ਦੀ ਥਾਂ ਸਿੱਖ ਕਾਰਕੁੰਨ ਅਤੇ ਆਜ਼ਾਦੀ ਦੇ ਪ੍ਰਚਾਰਕ ਵਜੋਂ ਪੇਸ਼ ਕਰ ਰਿਹਾ ਹੈ। ਪੱਛਮੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਨਿੱਝਰ ਬਾਰੇ ਲਿਖਿਆ ਜਾ ਰਿਹਾ ਹੈ ਕਿ 1990 ਵਿੱਚ ਕੈਨੇਡਾ ਆਉਣ ਤੋਂ ਬਾਅਦ ਨਿੱਝਰ ਪਲੰਬਰ ਦਾ ਕੰਮ ਕਰਦਾ ਸੀ।
ਕੈਨੇਡਾ ਲਈ ਖਤਰਨਾਕ ਹੈ PM ਟਰੂਡੋ ਦਾ ਬਿਆਨ: ਮਾਈਕਲ ਰੂਬਿਨ ਨੇ ਕਿਹਾ, PM ਟਰੂਡੋ ਵੱਲੋਂ ਪਾਰਲੀਮੈਂਟ 'ਚ ਭਾਰਤ ਸਰਕਾਰ 'ਤੇ ਲਗਾਏ ਗਏ ਦੋਸ਼ ਭਾਰਤ ਨਾਲੋਂ ਕੈਨੇਡਾ ਲਈ ਜ਼ਿਆਦਾ ਖਤਰਨਾਕ ਹਨ। ਜੇਕਰ ਅਮਰੀਕਾ ਨੂੰ ਕੈਨੇਡਾ ਅਤੇ ਭਾਰਤ 'ਚੋਂ ਕਿਸੇ ਇੱਕ ਨੂੰ ਚੁਨਣਾ ਪਿਆ ਤਾਂ ਅਮਰੀਕਾ ਜ਼ਰੂਰ ਭਾਰਤ ਨੂੰ ਹੀ ਚੁਣੇਗਾ। ਕਿਉਂਕਿ ਰਣਨੀਤਕ ਦ੍ਰਿਸ਼ਟੀਕੋਣ ਤੋਂ, ਭਾਰਤ ਅਮਰੀਕਾ ਲਈ ਕੈਨੇਡਾ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ, ਅਤੇ ਹਰਦੀਪ ਸਿੰਘ ਨਿੱਝਰ ਅੱਤਵਾਦੀ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਭਾਰਤ ਨਾਲ ਲੜਨਾ ਕੀੜੀ ਦਾ ਹਾਥੀ ਨਾਲ ਲੜਨ ਵਾਂਗ ਹੈ। ਸੱਚ ਤਾਂ ਇਹ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ।
ਟਰੂਡੋ ਨੇ ਕੀਤੀ ਵੱਡੀ ਗਲਤੀ: ਮਾਈਕਲ ਰੂਬਿਨ ਨੇ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਨੇ ਜਿਸ ਢੰਗ ਨਾਲ ਅਤੇ ਜਿਸ ਤਰ੍ਹਾਂ ਦੇ ਦੋਸ਼ ਭਾਰਤ ਤੇ ਲਾਏ ਹਨ, ਉਹ ਖੁਦ ਉਨ੍ਹਾਂ ਦਾ ਸਮਰਥਨ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਭਾਰਤ ਸਰਕਾਰ 'ਤੇ ਲਾਏ ਦੋਸ਼ਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। PM ਟਰੂਡੋ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਸਰਕਾਰ ਇੱਕ ਅੱਤਵਾਦੀ ਨੂੰ ਪਨਾਹ ਕਿਉਂ ਦੇ ਰਹੀ ਸੀ।"