ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖਵਾਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦਾ ਬੁੱਧਵਾਰ ਰਾਤ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਵੀਰਵਾਰ ਸਵੇਰੇ ਸ਼ਹਿਰ ਦੇ ਬਾਹਰੀ ਇਲਾਕੇ ਹੈਦਰਪੁਰਾ ਵਿੱਚ ਆਪਣੀ ਪਸੰਦ ਦੇ ਸਥਾਨ 'ਤੇ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
ਉਹ 92 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਛੇ ਧੀਆਂ ਹਨ। ਉਨ੍ਹਾਂ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ 1968 ਵਿੱਚ ਦੁਬਾਰਾ ਵਿਆਹ ਕੀਤਾ। ਵੱਖਵਾਦੀ ਨੇਤਾ ਗਿਲਾਨੀ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਗੁਰਦੇ ਦੀ ਬੀਮਾਰੀ ਤੋਂ ਪੀੜ੍ਹਤ ਸਨ। ਇਸ ਤੋਂ ਇਲਾਵਾ, ਉਹ ਬੁਢਾਪੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਸਈਅਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਕਰਫਿਉ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਿਰਫ ਗਿਲਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ।
ਅਫਵਾਹਾਂ ਦੇ ਫੈਲਾਅ ਕਾਰਨ ਭੰਬਲਭੂਸੇ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ ਵਜੋਂ ਕਸ਼ਮੀਰ ਵਾਦੀ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਗਿਲਾਨੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਗਿਲਾਨੀ ਦੀ ਰਾਤ 10.30 ਵਜੇ ਮੌਤ ਹੋ ਗਈ। ਸਾਬਕਾ ਰਾਜ ਦੇ ਸੋਪੋਰ ਤੋਂ ਤਿੰਨ ਵਾਰ ਵਿਧਾਇਕ ਰਹੇ ਗਿਲਾਨੀ 2008 ਦੇ ਅਮਰਨਾਥ ਜ਼ਮੀਨ ਵਿਵਾਦ ਅਤੇ 2010 ਵਿੱਚ ਸ਼੍ਰੀਨਗਰ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਵਿਰੋਧ ਦਾ ਚਿਹਰਾ ਬਣ ਗਏ ਸਨ।
ਉਹ ਹੁਰੀਅਤ ਕਾਨਫਰੰਸ ਦੇ ਸੰਸਥਾਪਕ ਮੈਂਬਰ ਸਨ, ਪਰ ਉਨ੍ਹਾਂ ਨੇ ਇਸ ਤੋਂ ਦੂਰ ਹੋ ਕੇ 2000 ਦੇ ਅਰੰਭ ਵਿੱਚ ਤਹਿਰੀਕ-ਏ-ਹੁਰੀਅਤ ਦਾ ਗਠਨ ਕੀਤਾ। ਅਖੀਰ ਵਿੱਚ ਉਨ੍ਹਾਂ ਜੂਨ 2020 ਵਿੱਚ ਹੁਰੀਅਤ ਕਾਨਫਰੰਸ ਨੂੰ ਅਲਵਿਦਾ ਕਹਿ ਦਿੱਤਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਗਿਲਾਨੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।