ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਨੂੰ ਪਰੇਸ਼ਾਨੀ ਕਾਰਨ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਲਟੀਪਲ ਸਕਲੇਰੋਸਿਸ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਉਹ ਆਟੋਇਮਿਊਨ ਡਿਸਆਰਡਰ ਮਲਟੀਪਲ ਸਕਲੇਰੋਸਿਸ ਤੋਂ ਪੀੜਤ ਹੈ। ਉਸਦੀ ਹਾਲਤ ਵਿਗੜ ਗਈ ਸੀ। ਫਿਰ ਹਸਪਤਾਲ ਦਾਖਲ ਕਰਵਾਉਣਾ ਪਿਆ।
ਸੀਐਮ ਕੇਜਰੀਵਾਲ ਨੇ ਦੱਸਿਆ ਸੀ ਬਿਮਾਰੀ ਬਾਰੇ: ਦਿੱਲੀ ਸ਼ਰਾਬ ਘੁਟਾਲੇ ਵਿੱਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਸਮੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸੀਮਾ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਹੈ। ਇਹ ਮਲਟੀਪਲ ਸਕਲੇਰੋਸਿਸ ਹੈ, ਜਿਸ ਵਿੱਚ ਦਿਮਾਗ ਹੌਲੀ-ਹੌਲੀ ਸਰੀਰ ਉੱਤੇ ਆਪਣਾ ਕੰਟਰੋਲ ਗੁਆ ਲੈਂਦਾ ਹੈ। ਉਹ ਘਰ ਵਿੱਚ ਇਕੱਲੀ ਹੈ। ਮਨੀਸ਼ ਉਸਦੀ ਦੇਖਭਾਲ ਕਰਦਾ ਸੀ। ਪੁੱਤਰ ਪੜ੍ਹਾਈ ਲਈ ਵਿਦੇਸ਼ ਗਿਆ ਹੋਇਆ ਹੈ।
26 ਅਪ੍ਰੈਲ ਨੂੰ ਜ਼ਮਾਨਤ 'ਤੇ ਸੁਣਵਾਈ:ਦਿੱਲੀ ਸ਼ਰਾਬ ਘੁਟਾਲੇ ਦੇ ਈਡੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ 26 ਅਪ੍ਰੈਲ ਨੂੰ ਰੌਜ਼ ਐਵੇਨਿਊ ਕੋਰਟ ਆਪਣਾ ਫੈਸਲਾ ਸੁਣਾਏਗੀ। ਇਸ ਦੇ ਨਾਲ ਹੀ ਸੀਬੀਆਈ ਮਾਮਲੇ 'ਚ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਹੋਵੇਗੀ। ਸੀਬੀਆਈ ਨੇ 26 ਫਰਵਰੀ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ।