ਨਵੀਂ ਦਿੱਲੀ:ਸਾਬਕਾ ਕੇਂਦਰੀ ਮੰਤਰੀ ਅਤੇ RJD ਨੇਤਾ ਸ਼ਰਦ ਯਾਦਵ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਸ਼ਰਦ ਯਾਦਵ ਨੇ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਸਾਬਕਾ ਮੰਤਰੀ ਯਾਦਵ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਇੱਕ ਪੁੱਤਰ ਤੇ ਪੁੱਤਰੀ ਹੈ। ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਰਦ ਯਾਦਵ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ। ਜਦੋਂ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੀ ਨਸ ਕੰਮ ਨਹੀਂ ਕਰ ਰਹੀ ਸੀ ਤੇ ਬਲੱਡ ਪ੍ਰੈਸ਼ਰ ਵੀ ਦਰਜ ਨਹੀਂ ਕੀਤਾ ਗਿਆ, ਇਲਾਜ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਰਾਤ 10:19 ਵਜੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਸ਼ਰਦ ਯਾਦਵ ਮੁੱਖ ਸਮਾਜਵਾਦੀ ਨੇਤਾ ਸੀ, ਜੋ 70 ਦੇ ਦਹਾਕੇ ਵਿੱਚ ਕਾਂਗਰਸ ਖਿਲਾਫ ਮੋਰਚਾ ਖੋਲ੍ਹ ਕੇ ਚਰਚਾ ਵਿੱਚ ਆਏ। ਸ਼ਰਦ ਕਈ ਸਾਲਾਂ ਤੱਕ ਰਾਜਨੀਤੀ ਵਿੱਚ ਐਕਟਿਵ ਰਹੇ। ਉਹ ਲੋਕ ਦਲ ਅਤੇ ਜਨਤਾ ਪਾਰਟੀ ਤੋਂ ਵੱਖ ਹੋ ਕੇ ਬਣੀਆਂ ਪਾਰਟੀਆਂ ਵਿੱਚ ਹੀ ਰਹੇ। ਸਿਹਤ ਖਰਾਬ ਹੋਣ ਦੇ ਚੱਲਦੇ ਪਿਛਲੇ ਕੁਝ ਸਾਲਾਂ ਤੋਂ ਉਹ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਨਹੀਂ ਸੀ।
PM ਮੋਦੀ ਨੇ ਜਤਾਇਆ ਦੁੱਖ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆ ਸ਼ਰਦ ਯਾਦਵ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ।
ਕਾਂਗਰਸ ਪ੍ਰਧਾਨ ਵੱਲੋਂ ਸ਼ਰਦ ਯਾਦਵ ਦੇ ਪਰਿਵਾਰ ਨਾਲ ਹਮਦਰਦੀ:
ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਵੀ ਸ਼ਰਦ ਯਾਦਵ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕਰਦਿਆ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ। ਖੜਗੇ ਨੇ ਟਵੀਟ ਕੀਤਾ ਕਿ ਮੈਂ ਦੇਸ਼ ਦੇ ਸਮਾਜਵਾਦੀ ਧਾਰਾ ਦੇ ਸੀਨੀਅਰ ਨੇਤਾ, ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਲਿਖਿਆ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਦਹਾਕਿਆਂ ਤੱਕ ਉੱਘੇ ਸੰਸਦ ਮੈਂਬਰ ਵਜੋਂ ਦੇਸ਼ ਦੀ ਸੇਵਾ ਕਰਕੇ ਉਨ੍ਹਾਂ ਨ ਬਰਾਬਰੀ ਦੀ ਰਾਜਨੀਤੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।
ਤੇਜਸਵੀ ਯਾਦਵ ਨੇ ਕਿਹਾ- ਕੁਝ ਵੀ ਬੋਲਣ ਤੋਂ ਅਸਮਰਥ:
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਸ਼ਰਦ ਯਾਦਵ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਮੈਂ ਮੰਡਲ ਮਸੀਹਾ, ਸੀਨੀਅਰ ਨੇਤਾ, ਮਹਾਨ ਸਮਾਜਵਾਦੀ ਨੇਤਾ, ਮੇਰੇ ਸਰਪ੍ਰਸਤ ਸਤਿਕਾਰਯੋਗ ਸ਼ਰਦ ਯਾਦਵ ਜੀ ਦੇ ਬੇਵਕਤੀ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਾਂ। ਮੈਂ ਕੁਝ ਵੀ ਕਹਿਣ ਤੋਂ ਅਸਮਰਥ ਹਾਂ। ਰਾਸ਼ਟਰੀ ਜਨਤਾ ਦਲ (RJD) ਦੇ ਨੇਤਾ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਰਦ ਯਾਦਵ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਸਮਾਜਵਾਦੀ ਪਰਿਵਾਰ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਦੇ ਨਾਲ ਹੈ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ:ਮਲੇਸ਼ੀਆਂ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜਾਬ ਦੇ ਨੌਜਵਾਨ ਦੀ ਹੋਈ ਮੌਤ