ਨਵੀਂ ਦਿੱਲੀ:ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਵੀਰਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦੋ ਘੰਟੇ ਜਾਂਚ ਲਈ ਰੋਕ ਦਿੱਤਾ ਗਿਆ। ਜਾਂਚ ਪੂਰੀ ਹੋਣ ਤੋਂ ਬਾਅਦ, ਸੂਚਨਾ ਮਹਿਜ਼ ਅਫਵਾਹ ਨਿਕਲੀ ਅਤੇ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਇਸ ਦੇ ਨਾਲ ਹੀ, ਏਅਰਪੋਰਟ ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 341 ਅਤੇ 268 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਖ਼ਸ਼ ਨੂੰ ਬੰਬ ਵਾਲੀ ਗੱਲ ਫੋਨ 'ਤੇ ਕਰਦੇ ਸੁਣਿਆ:ਏਅਰਪੋਰਟ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੰਬਰ ਯੂਕੇ-941 ਨੇ ਵੀਰਵਾਰ ਸ਼ਾਮ 4:55 'ਤੇ ਉਡਾਣ ਭਰਨੀ ਸੀ। ਉਡਾਣ ਭਰਨ ਤੋਂ ਠੀਕ ਪਹਿਲਾਂ, ਜਹਾਜ਼ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਏਅਰਲਾਈਨ ਦੇ ਕਰੂ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਇਕ ਹਵਾਈ ਯਾਤਰੀ ਨੂੰ ਫ਼ੋਨ 'ਤੇ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਸੀਆਈਐਸਐਫ ਦੀ ਟੀਮ ਉਸ ਦੇ ਬੈਗ ਵਿਚ ਬੰਬ ਨਹੀਂ ਲੱਭ ਸਕੀ।
ਇਹ ਸੁਣ ਕੇ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਜਹਾਜ਼ ਦੇ ਕੈਪਟਨ ਨੇ ਤੁਰੰਤ ਸੀਆਈਐਸਐਫ ਸੁਰੱਖਿਆ ਕਰਮੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਹਵਾਈ ਅੱਡੇ ਦੀ ਸੁਰੱਖਿਆ ਏਜੰਸੀਆਂ, ਖੁਫੀਆ ਵਿਭਾਗ, ਏਅਰਪੋਰਟ ਆਪਰੇਟਰ ਅਤੇ ਹੋਰ ਹਵਾਬਾਜ਼ੀ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ, ਸੁਰੱਖਿਆ ਕਰਮਚਾਰੀਆਂ ਨੇ ਸਟੈਂਡਰਡ ਸਕਿਓਰਿਟੀ ਪ੍ਰੋਟੋਕੋਲ ਨੂੰ ਅਪਣਾਉਂਦੇ ਹੋਏ ਟਰਮੀਨਲ ਦੇ ਏਰੀਏ ਅਤੇ ਚੈੱਕ-ਇਨ ਸਾਮਾਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।